ਚੋਕਸੀ, ਮਾਲਿਆ, ਨੀਰਵ ਸਮੇਤ 50 ਡਿਫ਼ਾਲਟਰਾਂ ਦਾ 68 ਹਜ਼ਾਰ ਕਰੋਡ਼ ਦਾ ਕਰਜ਼ ਬੱਟੇ ਖਾਤੇ ਪਾਇਆ

0
1490

ਕੇਂਦਰੀ ਰਿਜ਼ਰਵ ਬੈਂਕ ਨੇ ਆਰ.ਟੀ.ਆਈ. ਤਹਿਤ ਦਿੱਤੀ ਜਾਣਕਾਰੀ

ਨਵੀਂ ਦਿੱਲੀ, 28 ਅਪ੍ਰੈਲ (ਏਜੰਸੀ, )-ਭਗੌੜੇ ਮੇਹੁਲ ਚੋਕਸੀ, ਵਿਜੇ ਮਾਲਿਆ ਤੇ ਨੀਰਵ ਮੋਦੀ ਸਮੇਤ ਜਾਣਬੁੁੱਝ ਕੇ ਕਰਜ਼ਾ ਨਾ ਚੁਕਾਉਣ ਵਾਲੇ 50 ਡਿਫਾਲਟਰਾਂ ਵਲੋਂ ਮਾਰਿਆ ਬੈਂਕਾਂ ਦਾ 68607 ਕਰੋੜ ਪੈਸਾ ਬੈਂਕਾਂ ਨੇ ਡੁੱਬਿਆ ਸਮਝਿਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਆਰ.ਟੀ.ਆਈ. ਤਹਿਤ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੇ ਬੈਂਕਾਂ ਨੇ ਜਾਣਬੁੱਝ ਕੇ ਕਰਜ਼ਾ ਨਾ ਚੁਕਾਉਣ ਵਾਲੇ 50 ਡਿਫਾਲਟਰਾਂ ਦੇ ਨਾਂਅ 30 ਸਤੰਬਰ 2019 ਤੋਂ ਬੱਟੇ ਖ਼ਾਤੇ (ਰਾਈਟ ਆਫ਼) ‘ਚ ਪਾ ਦਿੱਤੇ ਹਨ। ਇਸ ਸੂਚੀ ‘ਚ ਭਗੌੜੇ ਹੀਰਿਆਂ ਦੇ ਕਾਰੋਬਾਰੀ ਮੇਹੁਲ ਚੋਕਸੀ ਦੀ ਗੀਤਾਂਜਲੀ ਜੈਮਸ ਕੰਪਨੀ 5942 ਕਰੋੜ ਰੁਪਏ ਦੇ ਕਰਜ਼ੇ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਆਰ.ਈ.ਆਈ. ਐਗਰੋ 4314 ਕਰੋੜ ਨਾਲ ਦੂਸਰੇ ਤੇ ਵਿਨਸਮ ਡਾਇਮੰਡਜ਼ 4076 ਕਰੋੜ ਰੁਪਏ ਨਾਲ ਤੀਸਰੇ ਨੰਬਰ ‘ਤੇ ਹੈ। ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ‘ਤੇ 2850 ਕਰੋੜ ਦਾ ਕਰਜ਼, ਕੋਡੋਸ ਕੈਮੀ ਲਿਮਟਿਡ ‘ਤੇ 2326 ਕਰੋੜ ਦਾ ਕਰਜ਼, ਰੁਚੀ ਸੋਇਆ ਇੰਡਸਟਰੀ ਲਿਮਟਿਡ, ਜੋ ਹੁਣ ਰਾਮਦੇਵ ਦੀ ਪਤੰਜਲੀ ਕੋਲ ਹੈ, ‘ਤੇ 2212 ਕਰੋੜ ਅਤੇ ਜ਼ੂਮ ਡਿਵੈੱਲਪਰਜ਼ ਪ੍ਰਾਈਵੇਟ ਲਿਮਟਿਡ 2012 ਕਰੋੜ ਕਰਜ਼ੇ ਨਾਲ ਇਸ ਸੂਚੀ ‘ਚ ਸ਼ਾਮਿਲ ਹਨ। ਵਿਜੇ ਮਾਲਿਆ ਦੀ ਕਿੰਗਫ਼ਿਸ਼ਰ ਏਅਰਲਾਈਨ 1943 ਕਰੋੜ ਰੁਪਏ ਦੇ ਕਰਜ਼ੇ ਨਾਲ ਇਸ ਸੂਚੀ ‘ਚ 9ਵੇਂ ਸਥਾਨ ‘ਤੇ ਹੈ। ਇਸ ਤੋਂ ਇਲਾਵਾ ਫਾਰਐਵਰ ਪ੍ਰੈਸ਼ੀਅਸ ਜਿਊਲਰੀ ਐਂਡ ਡਾਇਮੈਂਡਜ਼ ਪ੍ਰਾਈਵੇਟ ਲਿਮਟਿਡ ਦਾ 1962 ਕਰੋੜ, ਡੈਕਨ ਕ੍ਰੋਨੀਕਲ ਹੋਲਡਿੰਗਜ਼ ਲਿਮਟਿਡ ਦਾ 1915 ਕਰੋੜ, ਚੋਕਸੀ ਦੀ ਹੋਰ ਕੰਪਨੀਆਂ ਗਿਲੀ ਇੰਡੀਆ ਤੇ ਨਕਸ਼ਤਰਾ ਬ੍ਰੈਂਡਜ਼ ਦਾ ਕ੍ਰਮਵਾਰ 1447 ਕਰੋੜ ਤੇ 1109 ਕਰੋੜ ਦਾ ਕਰਜ਼ਾ ਵੀ ਇਸ ਸੂਚੀ ‘ਚ ਸ਼ਾਮਿਲ ਹੈ। ਦੱਸਣਯੋਗ ਹੈ ਕਿ ਝੁੰਜਨਵਾਲਾ ਭਰਾਵਾਂ ਦੀ ਆਰ.ਈ.ਆਈ. ਐਗਰੋ ਪਹਿਲਾਂ ਹੀ ਈ.ਡੀ. ਦੀਜਾਂਚ ਦੇ ਦਾਇਰੇ ਹੇਠ ਹੈ। ਸੀ.ਬੀ.ਆਈ. ਤੇ ਈ.ਡੀ. ਵਲੋਂ ਵਿਨਸਮ ਡਾਇਮੰਡਜ਼ ਦੇ ਮਾਲਕਾਂ ਵਲੋਂ ਕੀਤੀ ਕਥਿਤ ਧੋਖਾਧੜੀ ਦੀ ਵੀ ਜਾਂਚ ਜਾਰੀ ਹੈ। ਵਿਕਰਮ ਕੋਠਾਰੀ ਦੀ ਰੋਟੋਮੈਕ ਸੂਚੀ ‘ਚ ਚੌਥੇ ‘ਤੇ ਹੈ। ਉਹ ਅਤੇ ਉਸ ਦੇ ਬੇਟੇ ਰਾਹੁਲ ਕੋਠਾਰੀ ਨੂੰ ਬੈਂਕ ਕਰਜ਼ ਧੋਖਾਧੜੀ ਦੇ ਮਾਮਲੇ ‘ਚ ਸੀ.ਬੀ.ਆਈ. ਨੇ ਗ੍ਰਿ੍ਰਫ਼ਤਾਰ ਕੀਤਾ ਹੋਇਆ ਹੈ। ਆਰ.ਟੀ.ਆਈ. ਕਾਰਕੁਨ ਸਾਕੇਤ ਗੋਖਲੇ ਵਲੋਂ ਮੰਗੀ ਗਈ ਸੂਚਨਾ ‘ਤੇ ਆਰ.ਬੀ.ਆਈ. ਵਲੋਂ 24 ਅਪ੍ਰੈਲ ਨੂੰ ਦਿੱਤੇ ਲਿਖ਼ਤੀ ਜਵਾਬ ‘ਚ ਦੱਸਿਆ ਕਿ ਇਸ ਰਾਸ਼ੀ (68607 ਕਰੋੜ ਰੁਪਏ) ‘ਚ ਬਕਾਇਆ ਅਤੇ ਤਕਨੀਕੀ ਜਾਂ ਸੂਝ ਨਾਲ 30 ਸਤੰਬਰ, 2019 ਤੱਕ ਵੱਟਾ ਖ਼ਾਤੇ ‘ਚ ਪਾਈ ਗਈ ਰਕਮ ਹੈ। ਗੋਖਲੇ ਨੇ ਆਰ.ਬੀ.ਆਈ. ਤੋਂ 50 ਟਾਪ ਜਾਣਬੁੱਝ ਕੇ ਕਰਜ਼ਾ ਨਾ ਚੁਕਾਉਣ ਵਾਲੇ ਡਿਫਾਲਟਰਾਂ ਅਤੇ 16 ਫਰਵਰੀ ਤੱਕ ਉਨ੍ਹਾਂ ਦੇ ਮੌਜੂਦਾ ਕਰਜ਼ੇ ਦੀ ਸਥਿਤੀ ਬਾਰੇ ਜਾਣਕਾਰੀ ਮੰਗੀ ਸੀ। ਆਰ.ਬੀ.ਆਈ. ਨੇ ਲਿਖ਼ਤੀ ਉੱਤਰ ‘ਚ ਦੱਸਿਆ ਕਿ ਬੈਂਕਾਂ ਅਤੇ ਆਰ.ਬੀ.ਆਈ. ਵਲੋਂ ਦਿੱਤੇ ਅੰਕੜੇ ਕਿਸੇ ਸੰਸਥਾਵਾਂ ਵਲੋਂ ਕਿਸੇ ਵੀ ਗਲਤ ਸੂਚਨਾ ਅਤੇ ਜਾਂ ਗਲਤ ਰਿਪੋਰਟਿੰਗ ਲਈ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੋਣਗੇ।
ਭਾਜਪਾ ਨੇ ਮਿੱਤਰਾਂ ਦੇ ਨਾਂਅ ਛੁਪਾਉਣ ਲਈ ਨਹੀਂ ਦਿੱਤੀ ਸੀ ਸੰਸਦ ‘ਚ ਜਾਣਕਾਰੀ-ਰਾਹੁਲ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਰ.ਬੀ.ਆਈ. ਦੀ ਸੂਚੀ ਦੇ ਹਵਾਲੇ ਨਾਲ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਭਾਜਪਾ ਨੇ ਸੰਸਦ ‘ਚ ਇਹ ਸੂਚੀ ਇਸ ਲਈ ਛੁਪਾਈ ਸੀ ਕਿਉਂਕਿ ਇਸ ‘ਚ ਸੱਤਾਧਾਰੀ ਪਾਰਟੀ ਦੇ ਦੋਸਤ ਸ਼ਾਮਿਲ ਹਨ। ਰਾਹੁਲ ਗਾਂਧੀ ਨੇ ਹਾਲ ਹੀ ‘ਚ ਟਵਿੱਟਰ ‘ਤੇ ਵੀਡੀਓ ਨਾਲ ਪਾਏ ਗਏ ਸੰਦੇਸ਼ ‘ਚ ਇਹ ਕਿਹਾ ਕਿ ਸੰਸਦ ‘ਚ ਉਨ੍ਹਾਂ ਇਕ ਸਿੱਧਾ ਸਵਾਲ ਪੁੱਛਿਆ ਸੀ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਚੋਰਾਂ ਦੇ ਨਾਂਅ ਦੱਸੋ। ਵਿੱਤ ਮੰਤਰੀ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਰਾਹੁਲ ਗਾਂਧੀ ਨੇ ਸੰਸਦ ‘ਚ ਛੁਪਾਏ ਇਸ ਸੱਚ ‘ਤੇ ਟਿੱਪਣੀ ਕਰਦਿਆਂ ਅੱਗੇ ਕਿਹਾ ਕਿ ਹੁਣ ਆਰ.ਬੀ.ਆਈ. ਨੇ ਨੀਰਵ ਮੋਦੀ, ਮੇਹੁਲ ਚੋਕਸੀ ਸਮੇਤ ਭਾਜਪਾ ਦੇ ਦੋਸਤਾਂ ਦੇ ਨਾਂਅ ਬੈਂਕ ਚੋਰਾਂ ਦੀ ਸੂਚੀ ‘ਚ ਪਾਏ ਹਨ।
ਇਹ ਮੋਦੀ ਸਰਕਾਰ ਦੀ ਜਨ-ਧਨ ਗਬਨ ਯੋਜਨਾ ਹੈ-ਕਾਂਗਰਸ
ਕਾਂਗਰਸ ਨੇ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਗੌੜਿਆਂ ਦਾ ਸਾਥ ਅਤੇ ਭਗੌੜਿਆਂ ਦਾ ਕਰਜ਼ਾ ਮੁਆਫ਼, ਭਾਜਪਾ ਦਾ ਮੂਲ ਮੰਤਰ ਬਣ ਗਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਇਸ ਨੂੰ ਸਰਕਾਰ ਦੀ ਜਨ-ਧਨ ਗਬਨ ਯੋਜਨਾ ਕਰਾਰ ਦਿੱਤਾ। ਸੂਰਜੇਵਾਲਾ ਨੇ ਡਿਜੀਟਲ ਪ੍ਰੈੱਸ ਕਾਨਫ਼ਰੰਸ ਰਾਹੀਂ ਸਰਕਾਰ ਦੀ ਘੇਰਾਬੰਦੀ ਕਰਦਿਆਂ ਤੇ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ 2014 ਤੋਂ ਲੈ ਕੇ ਸਤੰਬਰ 2019 ਤੱਕ ਸਰਕਾਰ ਨੇ 6.66 ਲੱਖ ਕਰੋੜ ਰੁਪਏ ਦੇ ਕਰਜ਼ੇ ਵੱਟੇ ਖ਼ਾਤੇ ਪਾ ਦਿੱਤੇ ਹਨ। ਸੂਰਜੇਵਾਲਾ ਨੇ ਇਸ ਨੂੰ ਠੱਗਣਾ, ਧੋਖਾ ਦੇਣਾ ਅਤੇ ਦੌੜ ਜਾਣ ਦੀ ਮਿਸਾਲ ਦੱਸਦਿਆਂ ਪ੍ਰਧਾਨ ਮੰਤਰੀ ਨੂੰ ਜਵਾਬ ਦੇਣ ਦੀ ਮੰਗ ਕੀਤੀ।

LEAVE A REPLY

Please enter your comment!
Please enter your name here