ਮੋਦੀ ਵੱਲੋਂ ਭਲਕੇ ਘਰਾਂ ’ਚ ਦੀਵੇ ਅਤੇ ਮੋਮਬੱਤੀਆਂ ਜਗਾਉਣ ਦਾ ਸੱਦਾ,ਪ੍ਰਧਾਨ ਮੰਤਰੀ ਦਾ ਰਾਸ਼ਟਰ ਨੂੰ ਸੰਦੇਸ਼ ਰਾਤ 9 ਵਜੇ 9 ਮਿੰਟ ਤਕ ਘਰਾਂ ਦੀਆਂ ਬੱਤੀਆਂ ਬੁਝਾ ਕੇ ਰੌਸ਼ਨੀ ਕਰਨ ਲਈ ਕਿਹਾ

0
2105

ਨਵੀਂ ਦਿੱਲੀ, 3 ਅਪਰੈਲ:-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾਵਾਇਰਸ ਦੇ ਹਨੇਰੇ ਨੂੰ ਰੌਸ਼ਨੀ ਦੀ ਤਾਕਤ ਨਾਲ ਹਰਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁਲਕ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਉਂਦੇ ਐਤਵਾਰ (5 ਅਪਰੈਲ) ਨੂੰ ਆਪਣੇ ਘਰਾਂ ਦੀਆਂ ਸਾਰੀਆਂ ਬੱਤੀਆਂ ਬੰਦ ਕਰਕੇ ਰਾਤ 9 ਵਜੇ 9 ਮਿੰਟ ਤਕ ਆਪਣੇ ਘਰਾਂ ’ਚ ਦੀਵੇ, ਮੋਮਬੱਤੀਆਂ, ਟਾਰਚਾਂ ਜਾਂ ਮੋਬਾਈਲ ਫੋਨ ਦੀਆਂ ਫਲੈਸ਼ ਲਾਈਟਾਂ ਜਗਾ ਕੇ ਕਰੋਨਾ ਖ਼ਿਲਾਫ਼ 130 ਕਰੋੜ ਭਾਰਤੀਆਂ ਦੀ ਮਹਾਸ਼ਕਤੀ ਜਗਾਉਣ ਅਤੇ ਇਕਜੁੱਟਤਾ ਦਾ ਸੁਨੇਹਾ ਦੇਣ।ਲੌਕਡਾਊਨ ਦੇ ਨੌਵੇਂ ਦਿਨ ਪ੍ਰਧਾਨ ਮੰਤਰੀ ਨੇ 11 ਮਿੰਟ ਦੇ ਵੀਡੀਓ ਸੰਦੇਸ਼ ਦੌਰਾਨ ਕਿਹਾ ਕਿ ਇਕਜੁੱਟਤਾ ਨਾਲ ਹੀ ਕਰੋਨਾ ਵਰਗੀ ਮਹਾਮਾਰੀ ਨੂੰ ਮਾਤ ਦਿੱਤੀ ਜਾ ਸਕਦੀ ਹੈ ਅਤੇ ਇਸ ਤਾਕਤ ਰਾਹੀਂ ਇਹ ਸੰਦੇਸ਼ ਦੇਣਾ ਹੈ ਕਿ ਦੇਸ਼ਵਾਸੀ ਇਕਜੁੱਟ ਹਨ। ਉਨ੍ਹਾਂ 22 ਮਾਰਚ ਨੂੰ ਲੋਕਾਂ ਵੱਲੋਂ ਘਰਾਂ ’ਚੋਂ ਹੀ ਥਾਲੀਆਂ ਖੜਕਾ ਕੇ ਜਾਂ ਹੋਰ ਸਾਧਨਾਂ ਨਾਲ ਕਰੋਨਾ ਖ਼ਿਲਾਫ਼ ਲੜਾਈ ਲੜਨ ਵਾਲਿਆਂ ਦਾ ਧੰਨਵਾਦ ਕਰਨ ਨੂੰ ਬੇਮਿਸਾਲ ਦੱਸਦਿਆਂ ਕਿਹਾ ਕਿ ‘ਜਨਤਾ ਕਰਫਿਊ’ ਇਕ ਮਿਸਾਲ ਬਣ ਗਿਆ ਹੈ ਅਤੇ ਹੋਰ ਕਈ ਮੁਲਕ ਵੀ ਇਸ ਨੂੰ ਦੁਹਰਾ ਰਹੇ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਦੇਸ਼ ਵਾਸੀਆਂ ਨੇ ਅਨੁਸ਼ਾਸਨ ਅਤੇ ਸੇਵਾ ਭਾਵ ਦਿਖਾਇਆ ਜਿਸ ਨਾਲ ਸ਼ਾਸਨ-ਪ੍ਰਸ਼ਾਸਨ ਤੇ ਜਨਤਾ ਨੇ ਹਾਲਾਤ ਨੂੰ ਚੰਗੇ ਤਰੀਕੇ ਨਾਲ ਸਾਂਭਣ ਦਾ ਕੰਮ ਕੀਤਾ। ਉਨ੍ਹਾਂ ਲੋਕਾਂ ਨੂੰ ‘ਲਕਸ਼ਮਣ ਰੇਖਾ’ ਪਾਰ ਨਾ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਉਹ ਐਤਵਾਰ ਨੂੰ ਆਪਣੀ ਇਕਜੁੱਟਤਾ ਦਿਖਾਉਣ ਲਈ ਇਕ ਥਾਂ ’ਤੇ ਇਕੱਠੇ ਨਾ ਹੋਣ। ਉਨ੍ਹਾਂ ਕਿਹਾ ਕਿ 130 ਕਰੋੜ ਦੀ ਆਬਾਦੀ ਸਮੂਹਿਕ ਰੂਪ ’ਚ ਹਰੇਕ ਨੂੰ ਲੜਨ ਦੀ ਤਾਕਤ ਅਤੇ ਜਿੱਤ ਦਾ ਭਰੋਸਾ ਦੇਵੇਗਾ। ਸੰਸਕ੍ਰਿਤ ਦੇ ਸ਼ਲੋਕ ਦਾ ਜਾਪ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘ਸਾਡੇ ਜਨੂੰਨ ਅਤੇ ਸਾਡੀ ਭਾਵਨਾ ਨਾਲੋਂ ਦੁਨੀਆ ’ਚ ਕੋਈ ਵੱਡੀ ਸ਼ਕਤੀ ਨਹੀਂ ਹੋ ਸਕਦੀ। ਦੁਨੀਆ ’ਚ ਅਜਿਹਾ ਕੁਝ ਵੀ ਨਹੀਂ ਹੈ ਜੋ ਅਸੀਂ ਇਸ ਤਾਕਤ ਦੇ ਆਧਾਰ ’ਤੇ ਪ੍ਰਾਪਤ ਨਹੀਂ ਕਰ ਸਕਦੇ। ਆਓ ਆਪਾਂ ਇਕੱਠੇ ਹੋ ਕੇ ਸਾਂਝੇ ਤੌਰ ’ਤੇ ਇਸ ਕਰੋਨਾਵਾਇਰਸ ਨੂੰ ਹਰਾ ਦੇਈਏ ਤੇ ਭਾਰਤ ਨੂੰ ਵਿਜੇਤਾ ਬਣਾਈਏ।’’ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ 24 ਮਾਰਚ ਨੂੰ ਮਹਾਮਾਰੀ ਦੇ ਪਸਾਰ ਨੂੰ ਰੋਕਣ ਲਈ 21 ਦਿਨ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ।

ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਜਾਰੀ ਕੀਤੇ 11 ਹਜ਼ਾਰ ਕਰੋੜ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਆਫ਼ਤ ਜੋਖਮ ਪ੍ਰਬੰਧਨ ਫੰਡ (ਐੱਸਡੀਆਰਐੱਮਐੈੱਫ) ਤਹਿਤ ਸਾਰੇ ਰਾਜਾਂ ਨੂੰ ਇਕਾਂਤਵਾਸ ਤੇ ਹੋਰ ਸਹੂਲਤਾਂ ਲਈ 11,092 ਕਰੋੜ ਰੁਪਏ ਦਾ ਫੰਡ ਜਾਰੀ ਕਰ ਦਿੱਤਾ ਹੈ, ਤਾਂ ਜੋ ਕਰੋਨਾਵਾਇਰਸ ਮਹਾਮਾਰੀ ਦਾ ਟਾਕਰਾ ਕੀਤਾ ਜਾ ਸਕੇ। ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਫੰਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਾਂ ਨੂੰ ਦਿੱਤੇ ਭਰੋਸੇ ਮਗਰੋਂ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਐੱਸਡੀਆਰਐੱਮਐੱਫ ਤਹਿਤ ਫੰਡ ਦੀ ਪਹਿਲੀ ਕਿਸ਼ਤ ਐਡਵਾਂਸ ਜਾਰੀ ਕਰ ਦਿੱਤੀ ਹੈ।
-ਪੀਟੀਆਈ

ਕਾਂਗਰਸ ਵੱਲੋਂ ਮੋਦੀ ਦੇ ਵੀਡੀਓ ਸੁਨੇਹੇ ਦੀ ਆਲੋਚਨਾ

ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦਿੱਤੇ ਗਏ ਵੀਡੀਓ ਸੁਨੇਹੇ ਦੀ ਆਲੋਚਨਾ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਸ੍ਰੀ ਮੋਦੀ ਨੂੰ ‘ਪ੍ਰਧਾਨ ਸ਼ੋਅਮੈਨ’ ਆਖਦਿਆਂ ਕਿਹਾ ਕਿ ਭਾਸ਼ਨ ’ਚ ਭਵਿੱਖ ਦੇ ਨਜ਼ਰੀਏ ਬਾਰੇ ਕੋਈ ਗੱਲ ਨਹੀਂ ਸੀ ਜਿਸ ’ਚ ਤਸਵੀਰਾਂ ਖਿਚਵਾਉਣ ਦੇ ਸ਼ੌਕੀਨ ਪ੍ਰਧਾਨ ਮੰਤਰੀ ਵੱਲੋਂ ਸਭ ਚੰਗਾ ਹੋਣ ਦਾ ਦਿਖਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹਿੰਦੂ ਧਰਮ ਨਾਲ ਜੁੜੇ 9 ਨੰਬਰ ਦੇ ਪਵਿੱਤਰ ਤੱਤਾਂ ਨੂੰ ਉਭਾਰ ਰਹੇ ਹਨ। ਕੋਵਿਡ-19 ਨੂੰ ਸੋਚ ਤੋਂ ਵਧ ਗੰਭੀਰ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ‘ਸਾਰਾ ਕੁਝ ਰਾਮ ਭਰੋਸੇ ਛੱਡ ਦਿੱਤਾ ਹੈ।’ ਇਕ ਹੋਰ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਕਿ ‘ਪ੍ਰਤੀਕਵਾਦ’ ਅਹਿਮ ਹੈ ਪਰ ਵਿਚਾਰਾਂ ਦੀ ਗੰਭੀਰਤਾ ਅਤੇ ਉਠਾਏ ਗਏ ਕਦਮ ਵੀ ਅਹਿਮ ਹੁੰਦੇ ਹਨ। ਉਨ੍ਹਾਂ ਕਿਹਾ ਕਿ ਗਰੀਬਾਂ ਲਈ ਖੁੱਲ੍ਹਦਿਲੀ ਨਾਲ ਪੈਕੇਜ ਦੇਣ ਅਤੇ ਆਰਥਿਕਤਾ ਨੂੰ ਨਿਘਾਰ ਤੋਂ ਬਚਾਉਣ ਲਈ ਕਦਮਾਂ ਦੇ ਐਲਾਨ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਲੋਕਾਂ ਨੂੰ ਨਿਰਾਸ਼ਾ ਹੀ ਪੱਲੇ ਪਈ ਹੈ। ਕਪਿਲ ਸਿੱਬਲ ਨੇ ਟਵੀਟ ਕਰਕੇ ਕਿਹਾ ਕਿ ਸ੍ਰੀ ਮੋਦੀ ਨੇ ਵਾਇਰਸ ਨੂੰ ਨੱਥ ਪਾਉਣ, ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬਚਾਉਣ, ਟੈਸਟਿੰਗ ਕਿੱਟਾਂ ਮੁਹੱਈਆ ਕਰਵਾਉਣ, ਗਰੀਬਾਂ ਕੋਲ ਭੋਜਨ ਪਹੁੰਚਾਉਣ ਅਤੇ ਪਰਵਾਸੀ ਮਜ਼ਦੂਰਾਂ ਤੇ ਬੇਰੁਜ਼ਗਾਰਾਂ ਨੂੰ ਮਾਲੀ ਸਹਾਇਤਾ ਨਾ ਦੇਣ ਜਿਹੇ ਕਦਮਾਂ ਤੋਂ ਕੁਝ ਵੀ ਨਹੀਂ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਦਲੀਲਾਂ ਦਾ ਦੀਵਾ ਰੌਸ਼ਨ ਕਰੋ ਨਾ ਕਿ ਵਹਿਮਾਂ-ਭਰਮਾਂ ਦਾ। ਕਾਂਗਰਸ ਤਰਜਮਾਨ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਨਮੋ ਲੋਕਾਂ ਨੂੰ ਗ਼ੈਰ-ਲੋੜੀਂਦੇ ਹੋਮਵਰਕ ਦੇਣੇ ਬੰਦ ਕਰਨ ਅਤੇ ਪਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵੱਲ ਸਰਗਰਮੀ ਦਿਖਾਉਣ। ਲੋਕ ਸਭਾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਕਰੋਨਾਵਾਇਰਸ ਕਾਰਨ ਪੈਦਾ ਹੋਏ ਮਾੜੇ ਹਾਲਾਤ ਤੋਂ ਲੋਕਾਂ ਦਾ ਧਿਆਨ ਵੰਡਾਉਣ ਲਈ ਪ੍ਰਧਾਨ ਮੰਤਰੀ ਨੇ ਨਵਾਂ ਸ਼ੋਸ਼ਾ ਛੱਡਿਆ ਹੈ। ਉਨ੍ਹਾਂ ਐਤਵਾਰ ਨੂੰ ਦੀਵੇ ਅਤੇ ਮੋਮਬੱਤੀਆਂ ਜਗਾਉਣ ਦੇ ਐਲਾਨ ਨੂੰ ‘ਸਿਆਸੀ ਪ੍ਰੋਗਰਾਮ’ ਕਰਾਰ ਦਿੱਤਾ ਹੈ। ਇਕ ਹੋਰ ਤਰਜਮਾਨ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਹੱਲਾਸ਼ੇਰੀ ਦੇਣ ਵਾਲਾ ਕਦਮ ਹੈ ਪਰ ਉਨ੍ਹਾਂ ਨੂੰ ਸਰਕਾਰ ਵੱਲੋਂ ਨਿੱਜੀ ਸੁਰੱਖਿਆ ਉਪਕਰਨਾਂ ਅਤੇ ਟੈਸਟ ਕਿੱਟਾਂ ਦੀ ਤਿਆਰੀ ਬਾਰੇ ਉਠਾਏ ਗਏ ਕਦਮਾਂ ਲਈ ਵੀ ਰਾਸ਼ਟਰ ਨੂੰ ਸੰਬੋਧਨ ਕਰਨਾ ਚਾਹੀਦਾ ਹੈ।
-ਪੀਟੀਆਈ

LEAVE A REPLY

Please enter your comment!
Please enter your name here