ਦਿੱਲੀ ’ਚ ਕਰੋਨਾਵਾਇਰਸ ਕਾਰਨ ਦੋ ਸਕੂਲ ਬੰਦ

0
2039

ਪੀੜਤ ਵਿਅਕਤੀ ਦੇ ਬੱਚੇ ਦਾ ਸਕੂਲ ਵੀ ਸ਼ਾਮਿਲ; ਬੱਚਿਆਂ ਦੇ ਸੈਂਪਲ ਜਾਂਚ ਲਈ ਭੇਜੇ

ਕਰੋਨਾਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਨੋਇਡਾ ਦੇ ਸ਼੍ਰੀਰਾਮ ਮਿਲੇਨੀਅਮ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਮੰਗਲਵਾਰ ਨੂੰ ਕੈਂਪਸ ’ਚੋਂ ਜਾਂਦੇ ਹੋਏ। -ਫੋਟੋ: ਪੀਟੀਆਈ

ਨੋਇਡਾ (ਉੱਤਰ ਪ੍ਰਦੇਸ਼), 3 ਮਾਰਚ
ਕਰੋਨਾਵਾਇਰਸ ਦੇ ਡਰੋਂ ਦੋ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੇ ਮੰਗਲਵਾਰ ਨੂੰ ਅਗਲੇ ਕੁਝ ਦਿਨਾਂ ਲਈ ਸਕੂਲ ਬੰਦ ਕਰ ਦਿੱਤੇ ਹਨ। ਇਹ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਕ ਵਿਦਿਆਰਥੀ ਦੇ ਪਿਤਾ ਦਾ ਕਰੋਨਾਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਸੁਰੱਖਿਆ ਪੱਖੋਂ ਸਕੂਲ ਕੁਝ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ। ਦੋਵਾਂ ਸਕੂਲਾਂ ਦੇ ਪ੍ਰਬੰਧਕਾਂ ਨੇ ਸਕੂਲ ਬੰਦ ਰੱਖਣ ਸਬੰਧੀ ਸੁਨੇਹਾ ਵਿਦਿਆਰਥੀਆਂ ਦੇ ਮਾਪਿਆਂ ਨੂੰ ਭੇਜ ਦਿੱਤਾ ਹੈ। ਚੇਤੇ ਰਹੇ ਕੇਂਦਰੀ ਸਿਹਤ ਮੰਤਰਾਲੇ ਨੇ ਇਕ ਦਿਨ ਪਹਿਲਾਂ ਕਰੋਨਾਵਾਇਰਸ ਦੇ ਦੋ ਤਾਜ਼ਾ ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਸੀ। ਇਨ੍ਹਾਂ ਵਿੱਚੋਂ ਇਕ ਦਿੱਲੀ ਨਾਲ ਸਬੰਧਤ ਹੈ। ਇਹ ਵਿਅਕਤੀ ਕੁਝ ਕੁ ਦਿਨ ਪਹਿਲਾਂ ਹੀ ਇਟਲੀ ਤੋਂ ਪਰਤਿਆ ਹੈ। ਪਿਛਲੇ ਹਫ਼ਤੇ ਇਸ ਨੇ ਆਪਣੇ ਬੱਚੇ ਦੇ ਜਨਮਦਿਨ ’ਤੇ ਪਾਰਟੀ ਦਿੱਤੀ ਸੀ ਜਿਸ ਵਿੱਚ ਸਕੂਲ ਦੇ ਕੁਝ ਬੱਚੇ ਵੀ ਸ਼ਾਮਲ ਹੋਏ ਸਨ। ਕਰੋਨਾਵਾਇਰਸ ਫੈਲਣ ਦੇ ਡਰੋਂ ਇਸ ਬੱਚੇ ਦੇ ਪ੍ਰਾਇਮਰੀ ਸਕੂਲ ਨੂੰ ਚਾਰ ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਕੂਲ ਦੇ ਪੰਜ ਵਿਦਿਆਰਥੀਆਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕੋਈ ਬੱਚਾ ਇਸ ਲਾਗ ਤੋਂ ਪ੍ਰਭਾਵਿਤ ਤਾਂ ਨਹੀਂ। ਇਕ ਦਿਨ ਪਹਿਲਾਂ ਸਕੂਲ ਪ੍ਰਬੰਧਕਾਂ ਨੇ ਕਿਹਾ ਸੀ ਕਿ ਕੁਝ ਨਾ ਟਾਲਣਯੋਗ ਕਾਰਨਾਂ ਕਰਕੇ ਮੰਗਲਵਾਰ ਨੂੰ ਹੋਣ ਵਾਲੀਆਂ ਅੰਦਰੂਨੀ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਹਨ ਪਰ ਬੋਰਡ ਪ੍ਰੀਖਿਆਵਾਂ ਪ੍ਰਭਾਵਿਤ ਨਹੀਂ ਹੋਣਗੀਆਂ। ਇਹ ਗੱਲ ਮਾਪਿਆਂ ਨੂੰ ਸਪੱਸ਼ਟ ਕਰ ਦਿੱਤੀ ਗਈ ਹੈ।
ਦੂਜਾ ਸਕੂਲ 9 ਮਾਰਚ ਤੱਕ ਬੰਦ ਰਹੇਗਾ। ਅਧਿਕਾਰੀਆਂ ਦੱਸਿਆ ਕਿ ਨੋਇਡਾ ਦੇ ਮੁੱਖ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਸਵੇਰੇ ਇਕ ਸਕੂਲ ਦਾ ਦੌਰਾ ਕੀਤਾ ਸੀ। ਇਸੇ ਦੌਰਾਨ ਕਰੋਨਾਵਾਇਰਸ ਪੀੜਤ ਦਿੱਲੀ ਵਾਸੀ ਦੇ ਪਰਿਵਾਰਕ ਜੀਆਂ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਜਾਂਚ ਲਈ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਘਰਾਂ ਵਿੱਚ ਹੀ ਰਹਿਣ ਲਈ ਆਖਿਆ ਗਿਆ ਹੈ। ਨੋਇਡਾ ਦੇ ਐੱਸਐੱਮਓ ਅਨੁਰਾਗ ਭਾਰਗਵ ਨੇ ਦੱਸਿਆ ਕਿ ਮਯੂਰ ਵਿਹਾਰ ਦੇ ਕਰੋਨਾਵਾਇਰਸ ਪੀੜਤ ਵਿਅਕਤੀ ਨੇ ਪਿਛਲੇ ਹਫ਼ਤੇ ਜਨਮਦਿਨ ਪਾਰਟੀ ਦਿੱਤੀ ਸੀ ਜਿਸ ਵਿੱਚ ਕਈ ਲੋਕ ਸ਼ਾਮਲ ਹੋਏ ਸਨ। ਸੀਨੀਅਰ ਡਾਕਟਰ ਨੇ ਲੋਕਾਂ ਨੂੰ ਇਸ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ ਹੈ।ਇਸੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਰੋਨਾਵਾਇਰਸ ਦੇ ਡਰੋਂ ਇਟਲੀ, ਇਰਾਨ, ਦੱਖਣੀ ਕੋਰੀਆ, ਜਪਾਨ ਤੋਂ ਭਾਰਤ ਵਿੱਚ ਆਉਣ ਵਾਲਿਆਂ ਦੇ ਸਾਰੇ ਰੈਗੂਲਰ ਵੀਜ਼ਾ ਤੇ ਈ-ਵੀਜ਼ਾ ਮੁਲਤਵੀ ਕਰ ਦਿੱਤੇ ਹਨ। -ਪੀਟੀਆਈ

ਮੋਦੀ ਵੱਲੋਂ ਕਰੋਨਾਵਾਇਰਸ ਤੋਂ ਬਚਾਅ ਪ੍ਰਬੰਧਾਂ ਦਾ ਜਾਇਜ਼ਾ

ਨਵੀਂ ਦਿੱਲੀ (ਪੀਟੀਆਈ): ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਕਰੋਨਾਵਾਇਰਸ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਵੱਖ ਵੱਖ ਮੰਤਰਾਲੇ ਤੇ ਸੂਬੇ, ਕਰੋਨਾਵਾਇਰਸ ਨਾਲ ਸਿੱਝਣ ਲਈ ਇਕੱਠਿਆਂ ਕੰਮ ਕਰ ਰਹੇ ਹਨ। ਜੋ ਵੀ ਲੋਕ ਪ੍ਰਭਾਵਿਤ ਮੁਲਕਾਂ ਤੋਂ ਭਾਰਤ ਪਰਤ ਰਹੇ ਹਨ, ਉਨ੍ਹਾਂ ਦੇ ਮੈਡੀਕਲ ਟੈਸਟ ਕੀਤੇ ਜਾ ਰਹੇ ਹਨ।

ਭਾਰਤ ਨੇ 26 ਦਵਾਈਆਂ ਦੀ ਬਰਾਮਦ ’ਤੇ ਰੋਕ ਲਾਈ

ਨਵੀਂ ਦਿੱਲੀ (ਪੀਟੀਆਈ): ਭਾਰਤ ਨੇ ਮੰਗਲਵਾਰ ਨੂੰ ਪੈਰਾਸਿਟਾਮੋਲ ਸਣੇ 26 ਦਵਾਈਆਂ ਦੀ ਬਰਾਮਦ ’ਤੇ ਰੋਕ ਲਾ ਦਿੱਤੀ ਹੈ। ਗ਼ੌਰਤਲਬ ਹੈ ਕਿ ਵਿਸ਼ਵ ਵਿੱਚ ਵੱਡੇ ਪੱਧਰ ’ਤੇ ਭਾਰਤ ਜੈਨਰਿਕ ਦਵਾਈਆਂ ਬਣਾਉਂਦਾ ਹੈ। ਦਵਾਈਆਂ ਦੀ ਬਰਾਮਦ ’ਤੇ ਰੋਕ ਲਾਉਣ ਦਾ ਫ਼ੈਸਲਾ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤਾ ਗਿਆ ਹੈ ਤਾਂ ਜੋ ਦਵਾਈਆਂ ਦੀ ਕਮੀ ਨਾ ਆ ਜਾਵੇ। ਇਸ ਸਬੰਧੀ ਨੋਟੀਫਿਕੇਸ਼ਨ ਵਿਦੇਸ਼ੀ ਮਾਮਲਿਆਂ ਦੇ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਕੀਤਾ ਗਿਆ ਹੈ।

ਇਤਾਲਵੀ ਸੈਲਾਨੀ ਨੂੰ ਕਰੋਨਾਵਾਇਰਸ ਦੀ ਪੁਸ਼ਟੀ 

ਜੈਪੁਰ: ਜੈਪੁਰ ਦੇ ਹਸਪਤਾਲ ’ਚ ਦਾਖ਼ਲ ਇਟਲੀ ਦੇ ਇਕ ਸੈਲਾਨੀ ਨੂੰ ਕਰੋਨਾਵਾਇਰਸ ਨਾਲ ਹੋਣ ਦੀ ਪੁਸ਼ਟੀ ਮਗਰੋਂ ਉਹਦੀ ਪਤਨੀ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ, ਜਿਸ ਨੂੰ ਪੁਸ਼ਟੀ ਲਈ ਪੁਣੇ ਦੀ ਐੱਨਆਈਵੀ ਭੇਜਿਆ ਗਿਆ ਹੈ। ਰਾਜਸਥਾਨ ਵਿੱਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਤੇ ਦੇਸ਼ ਵਿੱਚ 6ਵਾਂ ਕੇਸ ਹੈ। ਇਤਾਲਵੀ ਜੋੜਾ ਜੈਪੁਰ ਦੇ ਸਵਾਈਮਾਨ ਸਿੰਘ ਹਸਪਤਾਲ ਵਿੱਚ ਇਕ ਵੱਖਰੇ ਵਾਰਡ ਵਿੱਚ ਦਾਖ਼ਲ ਹੈ। ਸੂਬੇ ਦੇ ਸਿਹਤ ਮੰਤਰੀ ਡਾ.ਰਘੂ ਸ਼ਰਮਾ ਨੇ ਵਿਸ਼ੇਸ਼ ਚੌਕਸੀ ਵਰਤਣ ਦੇ ਹੁਕਮ ਕੀਤੇ ਹਨ। ਇਸ ਦੌਰਾਨ ਚਾਰ ਵਿਦੇਸ਼ੀ ਨਾਗਰਿਕਾਂ ਸਮੇਤ ਕੁੱਲ 11 ਜਣਿਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਵਿਦੇਸ਼ੀ ਨਾਗਰਿਕਾਂ ’ਚੋਂ ਦੋ ਇਟਲੀ, ਇਕ ਜਪਾਨ ਤੇ ਇਕ ਹਾਂਗਕਾਂਗ ਨਾਲ ਸਬੰਧਤ ਹਨ।

-ਪੀਟੀਆਈ

LEAVE A REPLY

Please enter your comment!
Please enter your name here