ਨਵੀਂ ਦਿੱਲੀ, 24 ਮਈ
ਦੋ ਮਹੀਨਿਆਂ ਬਾਅਦ ਸੋਮਵਾਰ ਤੋਂ ਘਰੇਲੂ ਯਾਤਰੀਆਂ ਲਈ ਉਡਾਣਾਂ ਸ਼ੁਰੂ ਹੋ ਰਹੀਆਂ ਹਨ ਪਰ ਕਈ ਰਾਜਾਂ ਵੱਲੋਂ ਆਪਣੀਆਂ ਸ਼ਰਤਾਂ ਅਤੇ ਨਿਯਮ ਲਾਗੂ ਕਰਨ ਤੋਂ ਬਾਅਦ ਹਾਲਾਤ ਗੁੰਝਲਦਾਰ ਬਣ ਗਏਹ ਹਨ। ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਰਗੇ ਬਹੁਤ ਸਾਰੇ ਰਾਜ ਕਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਹਵਾਈ ਅੱਡੇ ਖੋਲ੍ਹਣ ਦੇ ਵਿਰੋਧ ਵਿੱਚ ਸਨ, ਜਿਸ ਨਾਲ ਉਡਾਣਾਂ ਮੁੜ ਸ਼ੁਰੂ ਕਰਨੀਆਂ ਔਖੀਆਂ ਹੋ ਗਈਆਂ ਹਨ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਐਤਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਰੈੱਡ ਜ਼ੋਨਾਂ ਵਿਚ ਹਵਾਈ ਅੱਡਿਆਂ ਨੂੰ ਦੁਬਾਰਾ ਖੋਲ੍ਹਣਾ “ਘਾਤਕ ਸਲਾਹ” ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਕੇਂਦਰ ਨੂੰ ਕੋਲਕਾਤਾ ਅਤੇ ਬਾਗਡੋਗਰਾ ਹਵਾਈ ਅੱਡਿਆਂ ‘ਤੇ ਘਰੇਲੂ ਉਡਾਣ ਸੇਵਾਵਾਂ ਅੱਗੇ ਪਾਉਣ ਲਈ ਆਖੇਗੀ। ਐਤਵਾਰ ਦੁਪਹਿਰ ਨੂੰ ਏਅਰ ਏਸ਼ੀਆ ਇੰਡੀਆ ਨੇ ਟਵਿੱਟਰ ‘ਤੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਉਨ੍ਹਾਂ ਰਾਜਾਂ ਦੇ ਸਿਹਤ ਪ੍ਰੋਟੋਕੋਲ ਪੜ੍ਹਨੇ ਲਾਜ਼ਮੀ ਹਨ ਜਿਥੇ ਉਨ੍ਹਾਂ ਨੇ ਪੁੱਜਣਾ ਹੈ ਜੇ ਮੰਜ਼ਿਲ ’ਤੇ ਪੁੱਜ ਕੇ ਯਾਤਰੀ ਨੂੰ ਸਰਕਾਰੀ ਪ੍ਰੋਟੋਕੋਲ ਕਾਰਨ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਸ ਲਈ ਏਅਰਲਾਈਨ ਜ਼ਿੰਮੇਵਾਰ ਨਹੀਂ ਹੋਵੇਗੀ