ਸੱਜਣ_ਠੱਗ___ਗੁਰੂ_ਬਾਬਾ_ਤੇ___confession_of_a_Thug-BOOK

0
1472
ਬਲਦੀਪ ਸਿੰਘ ਰਾਮੂੰਵਾਲੀਆ

ਜਨਮ ਸਾਖੀਆਂ ਵਿਚ ਤੁਲੰਬੇ ਦੇ ਰਹਿਣ ਵਾਲੇ ਸ਼ੇਖ ਸੱਜਣ ਦੀ ਸਾਖੀ ਤੁਸੀਂ ਜ਼ਰੂਰ ਪੜ੍ਹੀ ਸੁਣੀ ਹੋਵੇਗੀ, ਜਿਸਦਾ ਪੇਸ਼ਾ ਸੀ ਲੋਕਾਂ ਨਾਲ ਠੱਗੀ ਮਾਰਨੀ ,ਰਾਤ ਨੂੰ ਮੁਸਾਫ਼ਰਾਂ ਨੂੰ ਘਰ ਰੱਖਦਾ ਤੇ ਰੋਟੀ ਜਾਂ ਦੁਧ ਵਿੱਚ ਜ਼ਹਰ ਮਿਲਾ ਕਿ ਮਾਰ ਦਿੰਦਾ ,ਲਾਸ਼ ਰਾਤੋ ਰਾਤ ਖਪਾ ਦਿੱਤੀ ਜਾਂਦੀ । ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਹ ਸ਼ੇਖ ਦੇ ਰੂਪ ਵਿੱਚ ਇੱਕ ਪਾਪੀ ਵਿਚਰ ਰਿਹਾ ਹੈ। ਇਸ ਦਾ ਇਹ ਠੱਗੀ ਦਾ ਧੰਧਾ ਸੋਹਣਾ ਚੱਲ ਰਿਹਾ ਸੀ ਕਿ ਇੱਕ ਦਿਨ ਦੀਨ ਦੁਨੀਆ ਦੇ ਮਾਲਕ ਇਸ ਨੂੰ ਸਹੀ ਰਾਹ ਦਿਖਾਉਣ ਲਈ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਇਸ ਦੀ ਸਰਾਂ ਵਿਚ ਠਹਿਰੇ। ਸ਼ੇਖ ਨੇ ਦੂਜੇ ਮੁਸਾਫ਼ਰਾਂ ਵਾਂਗੂ ਇਸ ਫਕੀਰ ਨੂੰ ਠੱਗਣ ਦੀਆਂ ਚਾਲਾਂ ਚੱਲੀਆਂ ਉਹ ਸਭ ਨਿਹਫਲ ਰਹੀਆਂ।ਗੁਰੂ ਬਾਬੇ ਨੇ ਭਾਈ ਮਰਦਾਨਾ ਜੀ ਤੋਂ ਰਬਾਬ ਦੀਆਂ ਤਾਰਾਂ ਸੁਰ ਕਰਾ ਜਦੋਂ ਸੂਹੀ ਰਾਗ ਦਾ ਸ਼ਬਦ ਪੜ੍ਹਿਆ ਤਾਂ ਇਸ ਠੱਗ ਦੇ ਕਪਾਟ ਖੁਲ ਗਏ। ਗੁਰੂ ਬਾਬੇ ਦੇ ਚਰਨਾਂ ਤੇ ਡਿੱਗ ਕੇ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੀ ਤੇ ਠੱਗੀ ਦਾ ਪੇਸ਼ਾ ਛੱਡ ਕਿ ਸੱਚ ਮੁਚ ਦਾ ਸੱਜਣ ਬਣ ਗਿਆ, “ਇਸ ਦੇ ਘਰ ਪਹਿਲੀ ਸਿੱਖ ਧਰਮ ਸ਼ਾਲਾ ਸਥਾਪਤ ਕੀਤੀ ਗੁਰੂ ਬਾਬੇ”।ਅੱਜ ਉਥੇ ਗੁਰੂ ਘਰ ਮੌਜੂਦ ਹੈ। ਬਾਬਾ ਅੱਗੇ ਹੋਰਾਂ ਨੂ ਸੋਧਣ ਲਈ ਚਲ ਪਿਆ।    Confession of a Thug , ਨਾਮ ਦਾ ਇਕ ਇਤਿਹਾਸਕ ਨਾਵਲ Philip Meadows Taylor ਨੇ 1839 ਵਿਚ ਤਿੰਨ ਭਾਗਾਂ ਵਿੱਚ ਛਾਪਿਆ ਸੀ।ਇਹ ਅਮੀਰ ਅਲੀ ਨਾਮ ਦੇ ਠੱਗ ਦਾ ਕਬੂਲਨਾਮਾ ਹੈ ਜਿਸ ਨੇ 719 ਲੋਕਾਂ ਨੂੰ ਕਤਲ ਕੀਤਾ ਸੀ।ਇਹਨਾਂ ਠੱਗਾਂ ਦਾ ਜਾਲ ਸਿੰਧ ਤੋਂ ਲੈ ਕਿ ਦੱਖਣ ਤਕ ਫੈਲਿਆ ਹੋਇਆ ਸੀ।ਇਸ ਠੱਗ ਬ੍ਰਾਦਰੀ ਵਿੱਚ ਹਿੰਦੂ ਮੁਸਲਮਾਨ ਘਿਉ ਖਿਚੜੀ ਸਨ,ਸਭ ਜਾਤਾਂ ਰਲ ਕੇ ਟੀਮ ਵਰਕ ਕਰਦੀਆਂ ਸਨ,ਆਪਣੇ ਮੁਖੀਏ ਪ੍ਰਤੀ ਇਹ ਬਹੁਤ ਵਫਾਦਾਰ ਸਨ ,ਉਹ ਭਾਵੇਂ ਹਿੰਦੂ ਹੋਵੇ ਜਾਂ ਮੁਸਲਮਾਨ। ਇਨ੍ਹਾਂ ਦੇ ਆਪਣੇ ਰਸਮੋਂ ਰਿਵਾਜ਼ ਕਿਹੋ ਜਿਹੇ ਸਨ?ਇਹ ਕੰਮ ਕਿਵੇਂ ਕਰਦੇ ਸਨ? ਆਦਿ ਬਾਰੇ ਕਦੇ ਫਿਰ ਲਿਖਾਂਗਾ।ਅੰਗਰੇਜ਼ਾਂ ਨੂੰ1810 ਵਿਚ ਜਾ ਕੇ ਇਨ੍ਹਾਂ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਜਦ ਉਹ ਵੀ ਇਨ੍ਹਾਂ ਦਾ ਸ਼ਿਕਾਰ ਬਣੇ।1840 ਤਕ ਗੋਰਿਆਂ ਨੇ ਤਕਰੀਬਨ ਠੱਗ ਨਸਲ ਦਾ ਖਾਤਮਾ ਕਰਤਾ।  ਮੇਰੇ ਲਈ ਇਹ ਕਿਤਾਬ ਦੀ ਕੀਮਤ ਬਸ ਇਕ ਜਗ੍ਹਾ ਤੇ ਆਇ ਦੋ ਲਫਜ਼ਾਂ “ਸਿੱਖ ਤੇ ਨਾਨਕਸ਼ਾਹੀ ” ਕਰਕੇ ਬਹੁਤ ਜ਼ਿਆਦਾ ਹੋ ਗਈ।ਅਮੀਰ ਅਲੀ ਦਸਦਾ ਹੈ ਕਿ ,ਬਕਾਇਦਾ ਜਦੋਂ ਕਿਸੇ ਨੂੰ ਠੱਗਾਂ ਦੇ ਸਮੂਹ ਵਿਚ ਦਾਖਲ ਕੀਤਾ ਜਾਂਦਾ ਹੈ ਤਾਂ ਕੁਝ ਰਸਮਾਂ ਤੋਂ ਬਾਅਦ ਉਸ ਨਵੇਂ ਠੱਗ ਨੂੰ ਇਹ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਉਸਨੇ ਆਪਣੇ ਪੇਸ਼ੇ ਤੇ ਸਮੂਹ ਪ੍ਰਤੀ ਇਮਾਨਦਾਰ ਰਹਿਣਾ ਹੈ ਤੇ ਨਾਲ ਹੀ ਬਹਾਦਰੀ ਭਰਪੂਰ ਜੀਵਨ ਜਿਉਂਦਿਆਂ ,ਆਪਣੇ ਆਪ ਨੂੰ ਜ਼ਾਹਰ ਨਹੀਂ ਹੋਣ ਦੇਣਾ। ਕੋਈ ਵੀ ਬੰਦਾ ਜੋ ਸੁੱਤੇ ਸਿੱਧ ਜਾਂ ਠੱਗ ਦੀ ਆਪਣੀ ਚਲਾਕੀ ਨਾਲ ਉਸਦੇ ਢਹੇ ਚੜ੍ਹ ਗਿਆ ਉਸਦਾ ਕਤਲ ਕਰ ਦੇਣਾ ਹੈ ਉਹ ਚਾਹੇ ਕੋਈ ਪੁਜਾਰੀ ਜਾਂ ਕਾਜੀ ਹੋ, ਹਿੰਦੂ ਜਾਂ ਮੁਸਲਮਾਨ ਹੋ। ਪਰ 15 ਕਿਸਮ ਦੇ ਮਨੁੱਖਾਂ ਨਾਲ ਠੱਗੀ ਮਾਰਨੀ ਗੁਨਾਹ ਸੀ, ਵਰਜਿਤ ਸੀ।ਜਿਨ੍ਹਾਂ ਵਿੱਚ ,ਧੋਬੀ, ਭਾਟ,ਫ਼ਕੀਰ, ਅਪਾਹਜ,ਸੰਗੀਤ ਵਾਲੇ, ਨੱਚਣ ਵਾਲੇ ,ਕੋਹੜੀ ਆਦਿ ਸਨ, ਉਥੇ ਹੀ “#ਸਿੱਖ_ਅਤੇ_ਨਾਨਕਸ਼ਾਹੀ” ਲੋਕਾਂ ਨੂੰ ਠੱਗਣਾਂ ਜਾਂ ਮਾਰਨਾ ਵੀ ਠੱਗ ਬ੍ਰਾਦਰੀ ਵਿਚ ਵਰਜਿਤ ਸੀ।  ਇਥੋਂ ਅੰਦਾਜਾ ਲਗਾ ਕਿ ਦੇਖੋ ਕਿ ਸੱਜਣ ਠੱਗ ਵਾਲੀ ਸਾਖੀ ਦਾ ਤੇ ਹੋਰ ਵੀ ਥਾਂਵਾਂ ਜਿੱਥੇ ਕਿਤੇ ਗੁਰੂ ਬਾਬੇ ਨਾਲ ਇਨ੍ਹਾਂ ਠੱਗਾਂ ਦਾ ਵਾਸਤਾ ਪਿਆ ਹੋਣਾ , ਇਹ ਗੁਰੂ ਸਾਹਿਬ ਤੋਂ ਕਿੰਨੇ ਪ੍ਰਭਾਵਿਤ ਹੋਏ ਹੋਵਨਗੇ,ਜੋ ਇਨ੍ਹਾਂ ਆਪਣੀ ਠੱਗ ਬ੍ਰਾਦਰੀ ਵਿਚ ਸਿੱਖ ਵਲ ਠੱਗੀ ਦੀ ਨਜਰ ਨਾਲ ਵੇਖਣਾ ਵੀ ਵਰਜਿਤ ਕਰ ਦਿੱਤਾ, ਇਸ ਕੌਲ ਨੂੰ ਇਸ ਬ੍ਰਾਦਰੀ ਦਾ ਨਾਮੋ ਨਿਸ਼ਾਨ ਮਿਟ ਜਾਣ ਤਕ ਨਿਭਾਇਆ ਜਾਂਦਾ ਰਿਹਾ।                                                                                                                ਧੰਨ ਗੁਰੂ ਨਾਨਕ ਸਾਹਿਬ !                      ਬਲਦੀਪ ਸਿੰਘ ਰਾਮੂੰਵਾਲੀਆ

LEAVE A REPLY

Please enter your comment!
Please enter your name here