ਡਾ. ਹਰਪ੍ਰੀਤ ਕੋਛੜ ਨੂੰ ਕੈਨੇਡਾ ਸਿਹਤ ਮੰਤਰਾਲੇ ’ਚ ਅਹਿਮ ਅਹੁਦਾ ਮਿਲਿਆ

0
1489


ਟਰਾਂਟੋ, 3 ਅਪਰੈਲ:-ਵੈਟਰਨਰੀ ਡਾਕਟਰ ਹਰਪ੍ਰੀਤ ਸਿੰਘ ਕੋਛੜ ਨੂੰ ਕੈਨੇਡਾ ਦੇ ਸਿਹਤ ਮੰਤਰਾਲੇ ’ਚ ਅਹਿਮ ਅਹੁਦਾ ਸੌਂਪਿਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਤੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਸ੍ਰੀ ਕੋਛੜ ਨੂੰ ਸਹਾਇਕ ਡਿਪਟੀ ਮਨਿਸਟਰ ਆਫ ਹੈਲਥ ਦਾ ਕਾਰਜਭਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਦੇ ਆਪ੍ਰੇਸ਼ਨ ਸੈਕਟਰ ’ਚ ਸਹਾਇਕ ਡਿਪਟੀ ਮੰਤਰੀ ਵਜੋਂ 2017 ਤੋਂ ਤਾਇਨਾਤ ਸਨ। ਇਮੀਗ੍ਰੇਸ਼ਨ ਮਹਿਕਮੇ ਵਿਚ ਤਾਇਨਾਤੀ ਤੋਂ ਪਹਿਲਾਂ ਉਹ ਕੈਨੇਡਾ ਦੇ ਮੁੱਖ ਵੈਟਰਨਰੀ ਅਫਸਰ ਅਤੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੇ ਐਸੋਸੀਏਟ ਵਾਈਸ-ਪ੍ਰੈਜ਼ੀਡੈਂਟ ਵੀ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਵੈਟਰਨਰੀ ਸਾਇੰਸ ਦੀ ਬੈਚਲਰ ਅਤੇ ਮਾਸਟਰ ਡਿਗਰੀ ਪ੍ਰਾਪਤ ਸ੍ਰੀ ਕੋਛੜ, ਟਰਾਂਟੋ ਲਾਗੇ ‘ਯੂਨੀਵਰਸਿਟੀ ਆਫ ਗੁਲਿਫ਼’ ਤੋਂ ਐਨੀਮਲ ਬਾਇਓਟੈਕਨਾਲੋਜੀ ਵਿਚ ਪੀਐੱਚਡੀ ਕਰਨ ਮਗਰੋਂ ਕੁਝ ਸਾਲ ਇਸੇ ’ਵਰਸਿਟੀ ਦੇ ਵੈਟਨਰੀ ਕਾਲਜ ਵਿੱਚ ਪੜ੍ਹਾਉਦੇ ਰਹੇ। ਉਨ੍ਹਾਂ ਨੇ ਆਪਣਾ ਕਲੀਨਿਕ ਵੀ ਚਲਾਇਆ ਅਤੇ 2002 ਤੋਂ 2008 ਤੱਕ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵਿਚ ਵੱਖ ਵੱਖ ਅਹੁਦਿਆਂ ’ਤੇ ਰਹੇ। ਵਰਣਨਯੋਗ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਚੈਰਿਟੀ ਸੰਸਥਾਵਾਂ ਵਿਚ ਅਹਿਮ ਯੋਗਦਾਨ ਪਾਇਆ ਜਿਸ ਲਈ ਉਨ੍ਹਾਂ ਨੂੰ ‘ਕੁਈਨਜ਼ ਡਾਇਮੰਡ ਜੁਬਲੀ’ ਮੈਡਲ ਅਤੇ ‘ਕੈਨੇਡਾ-150’ ਮੈਡਲ ਨਾਲ ਨਿਵਾਜਿਆ ਜਾ ਚੁੱਕਾ ਹੈ।

LEAVE A REPLY

Please enter your comment!
Please enter your name here