ਬਾਤਾਂ ਨਲਵੇ ਸਰਦਾਰ ਦੀਆਂ~13(4) … ਮੁਲਤਾਨ ਫ਼ਤਹ…

0
1122
ਬਲਦੀਪ ਸਿੰਘ ਰਾਮੂੰਵਾਲੀਆ

ਬਾਤਾਂ ਨਲਵੇ ਸਰਦਾਰ ਦੀਆਂ~13(4)

ਮੁਲਤਾਨ ਫ਼ਤਹ

ਖਿਜਰੀ ਦਰਵਾਜ਼ੇ ਤੇ ਫੁਟਦੇ ਖਾਲਸਾ ਦਰਬਾਰ ਦੇ ਤੋਪਖਾਨੇ ਦੇ ਗੋਲਿਆਂ ਨੇ ਦੋ ਥਾਂਵਾਂ ਤੇ ਪਾੜ ਪਾ ਦਿੱਤੇ ਸਨ।ਮਿਸਰ ਦੀਵਾਨ ਚੰਦ ਨੇ ਬੇਲਦਾਰਾਂ ਰਾਹੀਂ ਛਾਂਟਵੇਂ ਮੋਰਚਿਆਂ ਤੋਂ ਸੁਰੰਗਾਂ ਨੂੰ ਖਦਵਾ ਕਿ ਖਾਈ ਤਕ ਪਹੁੰਚ ਕਰ ਲਈ ਸੀ।ਖਿਜਰੀ ਦਰਵਾਜ਼ੇ ਵਾਲੀ ਸੁਰੰਗ ਰਾਸਤੇ ਜੰਮਵਾਲ ਰਾਜਪੂਤਾਂ, ਫ਼ਤਹ ਸਿੰਘ ਦੱਤ ਤੇ ਅਕਾਲੀ ਸਾਧੂ ਸਿੰਘ ਦਾ ਜੱਥਾ ਧੂਰਕੋਟ ਨੂੰ ਪਾਰ ਕਰਕੇ ਕਿਲ੍ਹੇ ਦੀ ਕੰਧ ਕੋਲ ਜਾ ਪੁੱਜੇ।ਖਿਜਰੀ ਦਰਵਾਜ਼ੇ ਦੇ ਸਨਮੁੱਖ ਵਰ੍ਹਦੀ ਅੱਗ ਵਿੱਚ ਖਾਈ ਨੂੰ ਘਾਹ ਫੂਸ ਤੇ ਮਿੱਟੀ ਨਾਲ ਭਰ ਕੇ ਬਾਕੀ ਫ਼ੌਜ ਲਈ ਇਹਨਾਂ ਰਾਹ ਬਣਾ ਲਿਆ।

ਉਧਰ ਅਫ਼ਗਾਨੀ ਫ਼ੌਜ ਜੋ ਕਿਲ੍ਹੇ ਵਿੱਚ ਬੁਰੀ ਤਰ੍ਹਾਂ ਘਿਰ ਚੁੱਕੀ ਸੀ, ਇਸਦਾ ਕਾਫੀ ਨੁਕਸਾਨ ਵੀ ਹੋ ਚੁੱਕਾ ਸੀ, ਲਈ ਹੁਣ ਇਸ ਕਿਲ੍ਹੇ ਨੂੰ ਬਚਾਉਣਾ ਜ਼ਿੰਦਗੀ ਮੌਤ ਦਾ ਸਵਾਲ ਬਣ ਚੁੱਕਾ ਸੀ। ਇਹ ਪਠਾਣ ਇਸੇ ਡਟੇ ਕਿ ਇਹਨਾਂ ਨੇ ਖਾਲਸਾ ਫ਼ੌਜ ਦੇ ਹਰ ਹੱਲੇ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਤੇ ਕਿਲ੍ਹੇ ਦੀ ਸਰਦਲ ਤੇ ਪੈਰ ਨਹੀਂ ਰੱਖਣ ਦਿੱਤਾ।ਉਧਰ ਜੇਠ ਮਹੀਨੇ ਦੀ ਗਰਮੀ ਨੇ ਜ਼ੁਬਾਨ ਨੂੰ ਤਾਲੂਏ ਨਾਲ ਲਾ ਦਿੱਤਾ ਸੀ।

ਖਿਜਰੀ ਦਰਵਾਜ਼ੇ ਕੋਲ ਰੋਜ਼ ਘੰਟਿਆਂ ਬੱਧੀ ਲੋਹਾ ਖੜਕਦਾ, ਭੋਇੰ ਜਵਾਨਾਂ ਦੇ ਰੱਤ ਨਾਲ ਸੱਜ ਵਿਆਹੀ ਮੁਟਿਆਰ ਦੇ ਸਾਲੂ ਵਾਂਗ ਸੂਹੀ ਭਾ ਮਾਰਦੀ ਪਈ ਸੀ। ਪੌਣੇ ਤਿੰਨ ਮਹੀਨੇ ਘੇਰਾ ਪਏ ਨੂੰ ਹੋ ਚੁੱਕੇ ਸਨ, ਕੋਈ ਨਹੀਂ ਜਾਣਦਾ ਸੀ ਕਿ ਮੈਦਾਨ ਦੀ ਮੱਲ ਕਿਹੜੀ ਧਿਰ ਮਾਰੇਗੀ।ਗਰਮੀ ਕਰਕੇ ਦੁਪਹਿਰੇ ਕੁੱਝ ਸਮੇਂ ਲਈ ਜੰਗ ਬੰਦ ਕਰ ਲਈ ਜਾਂਦੀ ਸੀ।

2 ਜੂਨ ਨੂੰ ਦੁਪਹਿਰੇ ਅਕਾਲੀ ਸਾਧੂ ਸਿੰਘ ਨਿਹੰਗ ਆਪਣੇ ਜੱਥੇ ਨਾਲ ਕਿਲ੍ਹੇ ਦੀ ਕੰਧ ਵਿੱਚ ਪਏ ਹੋਏ ਪਾੜਾਂ ਪਾਸ ਜਾ ਧਮਕਿਆ ਤੇ ਪਹਿਰੇ ਤੇ ਖੜੇ ਪਹਿਰੇਦਾਰਾਂ ਨੂੰ ਹੁਕਮ ਸਤਿ ਕਰਕੇ ਕਿਲ੍ਹੇ ਵਿੱਚ ਵੜ ਗਿਆ।ਉਸਨੇ ਜਿਉਂ ਹੀ ਜੈਕਾਰੇ ਗਜਾਏ ਤਾਂ ਖਾਈ ਲਾਗੇ ਮੋਰਚੇ ਬਣਾ ਕੇ ਬੈਠੇ ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਮਹਾਂ ਸਿੰਘ, ਸਰਦਾਰ ਧੰਨਾ ਸਿੰਘ ਮਲਵਈ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਆਦਿ ਵੀ ਆਪਣੇ ਦਸਤਿਆਂ ਨਾਲ ਕਿਲ੍ਹੇ ਵਿੱਚ ਦਾਖਲ ਹੋ ਗਏ।

ਉਧਰ ਮੁਜ਼ੱਫ਼ਰ ਖ਼ਾਨ ਵੀ ਮੁਕਾਬਲੇ ਲਈ ਤਿਆਰ ਸੀ।ਉਹਦਾ ਪਠਾਨੀ ਖ਼ੂਨ ਉਬਾਲੇ ਮਾਰਦਾ ਪਿਆ ਸੀ। ਆਪਣੇ ਸੱਤ ਪੁੱਤਾਂ ਤੇ ਭਰਾਵਾਂ ਭਤੀਜਿਆਂ ਨਾਲ ਇਹ ਬੁੱਢਾ ਨਵਾਬ ਹਰੇ ਕੱਪੜੇ ਪਾਈ, ਨੰਗੀ ਤਲਵਾਰ ਹਥ ਫੜੀ ਰਣ ਤੱਤੇ ਵਿੱਚ ਆਪਣੇ ਬੰਦਿਆਂ ਦਾ ਹੌਂਸਲਾ ਵਧਾ ਰਿਹਾ ਸੀ। ਦੋਨੋਂ ਪਾਸੇ ਤੋਂ ਸਿਰ ਧੜ ਦੀ ਬਾਜੀ ਲੱਗੀ ਹੋਈ ਸੀ।

ਅੰਤ ਖਿਜਰੀ ਦਰਵਾਜ਼ੇ ਕੋਲ , ਮੁਲਤਾਨ ਦੀ ਨਵੀਂ ਹਦਬੰਦੀ ਦਾ ਫ਼ੈਸਲਾ ਤਲਵਾਰ ਨੇ ਕੀਤਾ।ਨਵਾਬ ਮੁਜ਼ੱਫ਼ਰ ਖ਼ਾਨ ਆਪਣੇ ਪੰਜ ਪੁਤਰਾਂ, ਸ਼ਾਹ ਨਵਾਜ਼ ਖ਼ਾਨ, ਮੁਮਤਾਜ਼ ਖ਼ਾਨ, ਐਜਾਜ਼ ਖ਼ਾਨ, ਹਕ ਨਵਾਜ਼ ਖ਼ਾਨ ਤੇ ਬਾਜ਼ ਖ਼ਾਨ , ਭਤੀਜੇ ਖੈਰੁੱਲਾ ਖ਼ਾਨ ਸਮੇਤ ਕੰਮ ਆਇਆ।ਉਸਦੇ ਜਰਨੈਲ ਨਸਰੁੱਲਾ ਖ਼ਾਨ, ਜਾਨ ਮੁਹੰਮਦ ਖ਼ਾਨ ਬਾਦੋਜ਼ਈ, ਖੁਦਾ ਯਾਰ ਖ਼ਾਨ ਗਲਜ਼ੇਈ ਤੇ ਸਾਹਿਬ ਦਾਦ ਖ਼ਾਨ ਆਦਿ ਇਸ ਲੜਾਈ ਵਿੱਚ ਕੰਮ ਆਏ।

500 ਦੇ ਕਰੀਬ ਕਿਲ੍ਹੇ ਦੇ ਜਵਾਨਾਂ ਨੇ ਆਪਣੇ ਹਥਿਆਰ ਸਿੱਖ ਜਰਨੈਲਾਂ ਸਾਹਮਣੇ ਸੁਟ ਦਿੱਤੇ । ਨਵਾਬ ਮੁਜ਼ੱਫ਼ਰ ਖ਼ਾਨ ਦੇ ਤਿੰਨ ਪੁਤ ਜ਼ੁਲਿਫ਼ਕਾਰ ਖ਼ਾਨ, ਸਰ ਫਰਾਜ ਖ਼ਾਨ ਤੇ ਅਮੀਰ ਬੇਗ ਖ਼ਾਨ ਆਦਿ ਜਖ਼ਮੀ ਹਾਲਤ ਵਿੱਚ ਖਾਲਸੇ ਦੀ ਸ਼ਰਣ ਵਿੱਚ ਆ ਗਏ।ਜਿੱਥੇ ਕਿਲ੍ਹੇ ਵਿਚੋਂ ਕਾਫੀ ਸੋਨਾ , ਚਾਂਦੀ ਤੇ ਨਕਦੀ ਮਿਲੀ , ਉਥੇ ਹੀ 7000 ਬੰਦੂਕਾਂ, 9 ਤੋਪਾਂ , ਕਈ ਹਜਾਰ ਤਲਵਾਰਾਂ ਤੇ ਹੋਰ ਜੰਗੀ ਸਾਜੋ ਸਮਾਨ ਵੀ ਮਿਲਿਆ।

ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰੀ ਖਾਲਸਾ ਫੌਜਾਂ ਦੇ ਜਰਨੈਲਾਂ ਨੇ ਆਪਣੇ ਆਪਣੇ ਜੱਥਿਆਂ ਨੂੰ ਹੁਕਮ ਕੀਤਾ ਕਿ ਕੋਈ ਵੀ ਲੁੱਟ ਮਾਰ ਨਹੀਂ ਕਰੇਗਾ। ਕੰਵਰ ਖੜਕ ਸਿੰਘ ਨੇ ਆਪਣੀ ਨਿਗਰਾਨੀ ਥੱਲੇ ਪੂਰੀ ਸ਼ਾਨੋ ਸ਼ੌਕਤ ਨਾਲ ਬਹਾਦਰ ਮੁਜ਼ੱਫ਼ਰ ਖ਼ਾਨ ਤੇ ਉਸਦੇ ਪੁਤ ਭਤੀਜਿਆਂ ਨੂੰ ਪੀਰ ਬਾਵਲ ਹੱਕ ਦੇ ਮਕਬਰੇ ਦੀ ਹਦੂਦ ਅੰਦਰ ਦਫ਼ਨਾਇਆ।ਦੋਨਾਂ ਦਲਾਂ ਦੇ ਹੀ ਜੰਗ ਵਿੱਚ ਕੰਮ ਆਏ ਜਵਾਨਾਂ ਦੀਆਂ ਉਹਨਾਂ ਦੇ ਧਰਮ ਮੂਜਬ ਅੰਤਮ ਰਸਮਾਂ ਕੀਤੀਆਂ ਗਈਆਂ ਤੇ ਨਾਲ ਹੀ ਜਖ਼ਮੀਆਂ ਦੇ ਇਲਾਜ ਦਾ ਇੰਤਜ਼ਾਮ ਕੀਤਾ ਗਿਆ।

ਫ਼ਤਹ ਸਿੰਘ ਆਹਲੂਵਾਲੀਆ ਦਾ ਏਲਚੀ ਸਾਹਿਬ ਸਿੰਘ , ਮੁਲਤਾਨ ਦੀ ਫ਼ਤਹ ਦੀ ਖ਼ਬਰ ਲੈ ਕੇ ਲਾਹੌਰ ਪੁਜਾ ਤਾਂ ਮਹਾਰਾਜਾ ਸਾਹਿਬ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਹੇ ਸਨ।ਫ਼ਤਹ ਦੀ ਖ਼ਬਰ ਸੁਣਦਿਆਂ ਹੀ ਮਹਾਰਾਜਾ ਸਾਹਿਬ ਜੀ ਗੱਦ ਗੱਦ ਹੋ ਉੱਠੇ ਤੇ ਅਕਾਲ ਪੁਰਖ ਦੇ ਸ਼ੁਕਰਾਨਾ ਕੀਤਾ। ਗੁਰੂ ਮਹਾਰਾਜ ਸਨਮੁਖੁ ਅਰਦਾਸਾ ਸੋਧਣ ਉਪਰੰਤ ਫ਼ਤਹ ਦੀ ਖ਼ਬਰ ਲੈ ਕੇ ਆਏ ਹਰਕਾਰੇ ਨੂੰ ਭਾਰੀ ਸੋਨੇ ਦੇ ਕੜਿਆਂ ਦੀ ਜੋੜੀ, ਇੱਕ ਸੋਨੇ ਦਾ ਕੈਂਠਾ, 500 ਨਕਦੀ ਤੇ ਹੋਰ ਵੀ ਕਈ ਤੋਹਫ਼ੇ ਬਖ਼ਸ਼ਿਸ਼ ਕੀਤੇ।ਲਾਹੌਰ ਦੇ ਕਿਲ੍ਹੇ ਤੋਂ ਤੋਪਾਂ ਦਾਗੀਆਂ ਗਈਆਂ ਤਾਂ ਕਿ ਸਾਰੇ ਲਾਹੌਰ ਨੂੰ ਮੁਲਤਾਨ ਫ਼ਤਹ ਹੋ ਗਿਆ ਹੈ।

ਨਵਾਬ ਮੁਜ਼ੱਫ਼ਰ ਖ਼ਾਨ ਦਾ ਪਰਿਵਾਰ ਕੁੰਵਰ ਖੜਕ ਸਿੰਘ ਦੀ ਸਰਪ੍ਰਸਤੀ ਥੱਲੇ ਲਾਹੌਰ ਪੁਜਾ ।ਮਹਾਰਾਜਾ ਸਾਹਿਬ ਨੇ ਇਹਨਾਂ ਨੂੰ ਪੂਰਾ ਸਤਿਕਾਰ ਕੀਤਾ। ਸ਼ਰਕ ਪੁਰ ਤੇ ਨੌ ਲੱਖੇ ਵਿੱਚ ਇਹਨਾਂ ਨੂੰ ਜਾਗੀਰਾਂ ਬਖ਼ਸ਼ੀਆਂ ਤਾਂ ਕੇ ਉਹ ਤੇ ਉਹਨਾਂ ਦੇ ਵਾਰਸ ਸੁਖ ਮਈ ਜੀਵਨ ਬਤੀਤ ਕਰ ਸਕਣ। ਮਹਾਰਾਜਾ ਸਾਹਿਬ ਨੇ ਦੀਵਾਨ ਚੰਦ ਨੂੰ ‘ਜ਼ੱਫ਼ਰ ਜੰਗ’ ਦਾ ਖਿਤਾਬ ਬਖਸ਼ਿਆ, ਉਥੇ ਹੀ ਆਪਣੇ ਜਵਾਨਾਂ ਤੋ ਬੁਤਕੀਆਂ ਵਾਰੀਆਂ ਤੇ ਜਾਗੀਰਾਂ ਵੀ ਬਖ਼ਸ਼ੀਆਂ।ਸਰਦਾਰ ਹਰੀ ਸਿੰਘ ਨਲਵੇ ਦੀ ਜਾਗੀਰ ਵੀ ਦੁਗਣੀ ਕੀਤੀ ਗਈ।

ਮੁਲਤਾਨ ਦੇ ਇਲਾਕੇ ਦਾ ਪ੍ਰਬੰਧ ਕਰਨ ਤੇ ਕਿਲ੍ਹੇ ਦੀ ਮੁਰੰਮਤ ਲਈ ਸਰਦਾਰ ਦਲ ਸਿੰਘ ਨਹੇਰਨਾ, ਸਰਦਾਰ ਜੋਧ ਸਿੰਘ ਕਲਸੀਆਂ ਅਤੇ ਦੇਵਾ ਸਿੰਘ ਦੁਆਬੀਆ ਨਿਯੁਕਤ ਕੀਤਾ ਗਿਆ।ਇਸ ਦਿਨ ਤੋਂ ਮੁਲਤਾਨ ਪੱਕੇ ਤੌਰ ਤੇ ਫਿਰ ਤੋਂ ਪੰਜਾਬ ਦਾ ਹਿੱਸਾ ਬਣ ਗਿਆ।ਹਰੀ ਸਿੰਘ ਨਲਵਾ ਜੀ ਦੀਆਂ ਵੱਡੀਆਂ ਮੁਹਿੰਮਾਂ ਵਿਚੋਂ ਇੱਕ ਵੱਡੀ ਜੰਗੀ ਮੁਹਿੰਮ ਮੁਲਤਾਨ ਫ਼ਤਹ ਸੀ।

ਬਲਦੀਪ ਸਿੰਘ ਰਾਮੂੰਵਾਲੀਆ

LEAVE A REPLY

Please enter your comment!
Please enter your name here