…..ਬਾਤਾਂ ਨਲਵੇ ਸਰਦਾਰ ਦੀਆਂ ~ 11.. .(ਬਲਦੀਪ_ਸਿੰਘ_ਰਾਮੂੰਵਾਲੀਆ)

0
1289
ਟਕ_ਦਾ_ਕਿਲ੍ਹਾ
ਦੋਸਤ ਮੁਹੰਮਦ ਖ਼ਾਨ
ਦੀਵਾਨ ਮੁਹਕਮ ਚੰਦ
ਸਰਦਾਰ ਹਰੀ ਸਿੰਘ

#ਬਾਤਾਂ_ਨਲਵੇ_ਸਰਦਾਰ_ਦੀਆਂ ~ 11

ਅਲਫ਼ ਆਫ਼ਰੀਨ ਜੰਮਨਾ ਕਹਿਣ ਸਾਰੇ , ਹਰੀ ਸਿੰਘ ਸਰਦਾਰ ਤਾਈਂ।
ਜਮਾਂਦਾਰ,ਬੇਲੀ, ਰਾਜਾ ਸਾਹਿਬ ਕੋਲੋਂ,ਕਦ ਉੱਚਾ ਬੁਲੰਦ ਸਰਦਾਰ ਤਾਈਂ।
ਧਨੀ ਤੇਗ ਦਾ ਮਰਦ ਨਸੀਬ ਵਾਲਾ, ਸਾਯਾ ਉਸਦਾ ਕੁਲ ਸੰਸਾਰ ਤਾਈਂ।
ਕਾਦਰਯਾਰ ਪਹਾੜਾਂ ਨੂੰ ਸੋਧਿਓ ਸੂ,ਕਾਬੁਲ ਕੰਬਿਆ ਖੌਫ਼ ਕੰਧਾਰ ਤਾਈਂ।

ਦਰਿਆ ਸਿੰਧ ਦੇ ਪੱਤਣ ਤੇ ਇੱਕ ਬਹੁਤ ਮਜ਼ਬੂਤ ਕਿਲ੍ਹਾ ਸੀ, ਜਿਸ ਨੂੰ ਅਕਬਰ ਬਾਦਸ਼ਾਹ ਨੇ ਬਣਵਾਇਆ ਹੈ । ਇਸ ਕਿਲ੍ਹੇ ਦਾ ਨਾਮ ਹੈ “#ਅਟਕ_ਦਾ_ਕਿਲ੍ਹਾ”।ਇਹ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਕਾਫੀ ਸਮੇਂ ਤੋਂ ਫਤਹ ਕਰਨਾ ਚਾਹੁੰਦਾ ਸੀ ਤਾਂ ਕਿ ਇਸ ਪਾਸੇ ਤੋਂ ਸਦਾ ਲਈ ਅਫ਼ਗਾਨੀਆਂ ਦਾ ਰਾਹ ਬੰਦ ਕੀਤਾ ਜਾ ਸਕੇ, ਤੇ ਪੰਜਾਬੀ ਲੋਕ ਸੁਖ ਸ਼ਾਂਤੀ ਨਾਲ ਰਹਿ ਸਕਣ।  ਕਿਲ੍ਹੇਦਾਰ ਜਹਾਂਦਾਦ ਖ਼ਾਨ ਜੋ ਅਫ਼ਗਾਨੀ ਬਾਦਸ਼ਾਹ ਤੋਂ ਆਕੀ ਹੋ ਚੁੱਕਾ ਸੀ, ਇਸਦਾ ਭਾਈ ਅਤਾ ਮਹੁੰਮਦ ਖ਼ਾਨ ਅਫ਼ਗਾਨੀ ਫੌਜਾਂ ਹੱਥੋਂ ਹਾਰ ਕੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ ਬੈਠਾ ਸੀ।ਜਹਾਂਦਾਦ ਜਾਣਦਾ ਸੀ ਕਿ ਹੁਣ ਬਾਦਸ਼ਾਹ ਦਾ ਵਜ਼ੀਰ ਫ਼ਤਹ ਖ਼ਾਨ ਉਸਤੇ ਹਮਲਾ ਕਰੇਗਾ ,ਤੇ ਉਸ ਕੋਲ ਅਫ਼ਗਾਨੀ ਫੌਜਾਂ ਨਾਲ ਲੜਨ ਦੀ ਸਮਰੱਥਾ ਨਹੀ।  ਜਹਾਂਦਾਦ ਖ਼ਾਨ ਨੂੰ ਪਤਾ ਸੀ ਕਿ ਇਸ ਵਕਤ ਉਸਦੀ ਮੱਦਦ ਕੇਵਲ ਮਹਾਰਾਜਾ ਰਣਜੀਤ ਸਿੰਘ ਕਰ ਸਕਦਾ। ਮਹਾਰਾਜਾ ਸਾਹਿਬ ਵੀ ਫ਼ਤਹ ਖ਼ਾਨ ਦੁਆਰਾ ਕਸ਼ਮੀਰ ਦੀ ਮੁਹਿੰਮ ਸਮੇਂ ਖਾਲਸਾ ਦਰਬਾਰ ਨਾਲ ਕੀਤੇ ਧੋਖੇ ਦਾ ਉਸਨੂੰ ਢੁਕਵਾਂ ਜਵਾਬ ਦੇਣਾ ਲੋਚਦੇ ਸਨ।ਮਹਾਰਾਜਾ ਸਾਹਿਬ ਨੇ ਫ਼ਕੀਰ ਅਜ਼ੀਜ਼ੂਦੀਨ ਤੇ ਸਰਦਾਰ ਦਯਾ ਸਿੰਘ ਨੂੰ ਅਟਕ ਦਾ ਕਬਜ਼ਾ ਲੈਣ ਲਈ ਭੇਜਿਆ। ਜਹਾਂਦਾਦ ਖ਼ਾਨ ਨੇ ਜਗੀਰ ਲੈ , ਕਿਲ੍ਹਾ ਖਾਲੀ ਕਰਤਾ।  ਅਟਕ ਦੇ ਕਿਲ੍ਹੇ ਤੇ ਕਬਜੇ ਨਾਲ ਜਿੱਥੇ ਦਰਿਆ ਸਿੰਧ ਦੀ ਆਵਾਜਾਈ ਤੇ ਲਾਹੌਰ ਦਰਬਾਰ ਦਾ ਹਕ ਹੋ ਗਿਆ, ਉਥੇ ਕਸ਼ਮੀਰ ਤੇ ਅਫ਼ਗ਼ਾਨਿਸਤਾਨ ਦੀ ਆਵਾਜਾਈ ਦਾ ਰਾਹ ਵੀ ਰੁਕ ਗਿਆ। ਫ਼ਤਹ ਖ਼ਾਨ ਇਹਨਾ ਤਿਲਮਿਲਾ ਗਿਆ ਕਿ ਉਸਨੇ ਸ਼ੇਰ-ਇ-ਪੰਜਾਬ ਨੂੰ ਧਮਕੀ ਭਰੇ ਖ਼ਤ ਲਿਖੇ ਇਸ ਕਿਲ੍ਹੇ ਨੂੰ ਛਡਾਉਣ ਲਈ। ਮਹਾਰਾਜਾ ਸਾਹਿਬ ਨੇ ਸਾਫ ਸ਼ਬਦਾਂ ਵਿਚ ਉਸਨੂੰ ਕਿਹਾ ਕਿ “ਜਿਨ੍ਹਾਂ ਸਮਾਂ ਉਹ ਆਪਣੇ ਵਾਅਦੇ ਮੁਤਾਬਕ 9 ਲੱਖ ਰੁਪਏ ਤੇ ਕਸ਼ਮੀਰ ਦੀ ਲੁੱਟ ਦਾ ਅੱਧ ਨਹੀਂ ਦਿੰਦਾ , ਉਸ ਨਾਲ ਕਿਸੇ ਵਿਸ਼ੇ ਤੇ ਕੋਈ ਗੱਲਬਾਤ ਨਹੀਂ ਹੋ ਸਕਦੀ। ਮਹਾਰਾਜਾ ਰਣਜੀਤ ਸਿੰਘ ਜਾਣਦੇ ਸਨ ਕਿ ਅਟਕ ਦੇ ਕਿਲ੍ਹੇ ਨੂੰ ਆਪਣੇ ਹੱਥੋਂ ਗਿਆ ਦੇਖ ਕੇ ਅਫ਼ਗਾਨ ਚੁੱਪ ਕਰਕੇ ਨਹੀਂ ਬੈਠਣਗੇ।ਸੋ ਮਹਾਰਾਜੇ ਨੇ ਵਕਤ ਨੂੰ ਵਿਚਾਰਦਿਆਂ ਦੀਵਾਨ ਮੁਹਕਮ ਚੰਦ,ਕਰਮ ਚੰਦ ਚਾਹਲ,ਸਰਦਾਰ ਹਰੀ ਸਿੰਘ ਨਲਵਾ ਆਦਿ ਜਰਨੈਲਾਂ ਨੂੰ ਮੀਆਂ ਗੌਂਸੇ ਖ਼ਾਨ ਦੇ ਤੋਪਖਾਨੇ ਨਾਲ ਅਟਕ ਵਲ ਤੋਰਿਆ।ਉਧਰ ਫ਼ਤਹ ਖ਼ਾਨ ਤੇ ਉਸਦੇ ਭਾਈ ਦੋਸਤ ਮੁਹੰਮਦ ਖ਼ਾਨ ਨੇ ਪੰਦਰਾਂ ਹਜਾਰ ਅਫ਼ਗਾਨੀ ਫੌਜ ਤੇ ਬੇਅੰਤ ਮੁਲਕਈਏ ਨਾਲ ਖਾਲਸਾ ਫੌਜਾਂ ਦਾ ਰਾਹ ਰੋਕਿਆ। 12 ਜੁਲਾਈ ਨੂੰ ਹੈਦੂਰ ਜੋ ਅਟਕ ਤੋਂ ਪੰਜ ਸੱਤ ਕੋਹ ਉਰੇ ਸੀ ਦੇ ਮੈਦਾਨ ਵਿਚ ਦੋਹਾਂ ਧਿਰਾਂ ਵਿਚ ਪੂਰਾ ਰਣ ਮਚਿਆ,ਪਰ ਮੈਦਾਨ ਕਿਸੇ ਹੱਥ ਨ ਆਇਆ।ਰਾਤ ਨੂੰ ਦੀਵਾਨ ਮੁਹਕਮ ਚੰਦ ਨੇ ਹਰੀ ਸਿੰਘ ਨਲਵਾ ਤੇ ਦੂਜੇ ਸਰਦਾਰਾਂ ਸਮੇਤ ਅਗਲੀ ਸਵੇਰ ਲੜੀ ਜਾਣ ਵਾਲੀ ਲੜਾਈ ਦੇ ਪੈਂਤੜਿਆਂ ਤੇ ਵੀਚਾਰ ਕੀਤੀ।ਅਗਲੀ ਸਵੇਰੇ ਖਾਲਸਾ ਫੌਜ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਅਫ਼ਗਾਨਾਂ ਤੇ ਹੱਲਾ ਬੋਲਿਆ ਗਿਆ।ਅਗਵਾਈ ਸਰਦਾਰ ਹਰੀ ਸਿੰਘ ਨਲਵਾ ਕਰ ਰਿਹਾ ਸੀ, ਖਾਲਸਾ ਦਰਬਾਰ ਦਾ ਤੋਪਖਾਨਾ ਵੀ ਸੋਹਣੇ ਨਿਸ਼ਾਨੇ ਫੁੰਡ ਰਿਹਾ ਸੀ। ਅਫ਼ਗਾਨੀ ਬਹਾਦਰ ਵੀ ਖੂਬ ਜੂਝ ਰਹੇ ਸਨ।ਇਕ ਪਾਸੇ ‘ਅੱਲਾ ਹੂ ਅਕਬਰ’, ਯਾ ਅਲੀ ਦੇ ਨਾਅਰੇ ਲੱਗ ਰਹੇ ਸਨ ਤਾਂ ਦੂਜੇ ਪਾਸੇ ‘ਬੋਲੇ ਸੋ ਨਿਹਾਲ ‘ ਦੇ ਜੈਕਾਰੇ ਗੂੰਜ ਰਹੇ ਸਨ। ਸਰਦਾਰ ਹਰੀ ਸਿੰਘ ਪੂਰੇ ਮੈਦਾਨ ਵਿਚ ਖਾਲਸਾ ਦਰਬਾਰ ਦੀਆਂ ਫੌਜਾਂ ਦਾ ਹੌਂਸਲਾ ਬੁਲੰਦ ਕਰ ਰਿਹਾ ਸੀ ।ਸਰਦਾਰ ਜੀਵੰਤ ਸਿੰਘ ਮੋਕਲ ਨਾਲ ਦੋਸਤ ਮੁਹੰਮਦ ਖ਼ਾਨ ਤਲਵਾਰ ਬਾਜੀ ਕਰ ਰਿਹਾ ਸੀ , ਕਿ ਸਰਦਾਰ ਨੇ ਐਸਾ ਵਾਰ ਕੀਤਾ ਕਿ ਦੋਸਤ ਮਹੁੰਮਦ ਖ਼ਾਨ ਜ਼ਮੀਨ ਤੇ ਡਿੱਗ ਪਿਆ। ਅਫ਼ਗਾਨੀ ਫੌਜਾਂ ਵਿਚ ਇਹ ਗੱਲ ਫੈਲ ਗਈ ਕਿ ਦੋਸਤ ਮਹੁੰਮਦ ਖ਼ਾਨ ਮਾਰਿਆ ਗਿਆ ਹੈ। ਇਸ ਅਫ਼ਵਾਹ ਨੇ ਪਠਾਣਾਂ ਦੇ ਹੌਂਸਲੇ ਪਸਤ ਕਰ ਦਿੱਤੇ।ਅਫ਼ਗਾਨੀ ਪਿਛੱਲ ਖਰੀਂ ਹੋ ਤੁਰੇ, ਹਰੀ ਸਿੰਘ ਨਲਵਾ ਉਹਨਾਂ ਦੇ ਉਪਰ ਹੀ ਚੜਦਾ ਗਿਆ।ਇਧਰ ਦਿਨ ਛਿਪਿਆ ਤੇ ਉਧਰ ਪਠਾਣ ਸਮੇਤ ਦੋਸਤ ਮਹੁੰਮਦ ਖ਼ਾਨ ਦੇ ਰਾਤ ਦੇ ਹਨੇਰੇ ਵਿਚ ਅਲੋਪ ਹੋ ਗਏ।ਮੈਦਾਨ ਖਾਲਸੇ ਹਥ ਆਇਆ।” ਅਫ਼ਗਾਨੀ ਇਲਾਕੇ ਵਿਚ ਇਹ ਪਹਿਲੀ ਫ਼ਤਹ ਸੀ”। ਇਸ ਫ਼ਤਹ ਨੇ ਆਉਣ ਵਾਲੇ ਸਮੇਂ ਦੀ ਪੂਰੀ ਤਸਵੀਰ ਬਦਲ ਦਿੱਤੀ। ਸਾਂਢਣੀ ਸਵਾਰ ਹਥ ਜਦ ਮਹਾਰਾਜਾ ਸਾਹਿਬ ਨੂੰ ਇਸ ਫ਼ਤਹ ਦਾ ਸੁਨੇਹਾ ਪੁਜਾ ਤਾਂ ਉਨ੍ਹਾਂ ਨੇ ਇਸ ਸੱਜਣ ਦੇ ਦੋਵਾਂ ਹੱਥਾਂ ਵਿੱਚ ਸੋਨੇ ਦੇ ਕੰਙਨ ਪਾਏ,ਨਾਲ ਹੀ ਉਸਨੂੰ ਨਕਦ ਨਾਵਾਂ ਤੇ ਜਗੀਰ ਵੀ ਦਿੱਤੀ।ਇਸਦਾ ਮੂੰਹ ਵੀ ਖੰਡ ਨਾਲ ਭਰ ਦਿੱਤਾ ਗਿਆ। ਮਹਾਰਾਜਾ ਸਾਹਿਬ ਆਪ ਅਟਕ ਗਏ ਅਤੇ ਜਰਨੈਲਾਂ ਤੇ ਖਾਲਸਾ ਫੌਜ ਦਾ ਮਾਨ ਸਨਮਾਨ ਕੀਤਾ।

#ਬਲਦੀਪ_ਸਿੰਘ_ਰਾਮੂੰਵਾਲੀਆ

LEAVE A REPLY

Please enter your comment!
Please enter your name here