ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ਨੂੰ ਲਾਗੂ ਕਰਨ ਵਿੱਚ ਰਹੀ ਅਸਫਲ : ਪ੍ਰੋ.ਸੁਖਵਿੰਦਰ ਸਿੰਘ ਦਦੇਹਰ

0
1861

ਖਾਲੜਾ ੧੯ ਸਤੰਬਰ (ਗੁਰਪ੍ਰੀਤ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਸਿੱਖਾਂ ਦੀ ਸਿਰਮੌਰ ਸੰਸਥਾ ਮੰਨੀ ਜਾਂਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਫੈਸਲੇ ਨਾਲ ਭਾਵੇਂ ਸਿੱਖ ਜਗਤ ਖੁਸ਼ ਨਹੀਂ ਸੀ ,ਕਿਉਕਿ ਇਸ ਵਿੱਚ ਵੱਡੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਸੀ, ਤੇ ਛੋਟਿਆਂ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਸੀ ,ਪਰ ਫਿਰ ਵੀ ਥੋੜਾ ਜਿਹਾ ਮਨਾਂ ਨੂੰ ਧਰਵਾਸ ਦੇ ਕੇ ਸੋਚਿਆ ਕਿ ਚਲੋ ਇੰਨ੍ਹਾਂ ਹੀ ਲਾਗੂ ਹੋ ਜਾਵੇ ਤਾਂ ਵੀ ਬਿਹਤਰ ਹੈ ।ਪ੍ਰੰਤੂ ਜਿਸ ਤਰ੍ਹਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਤੇ ਉਸ ਦੀ ਅੰਤਰਿੰਗ ਕਮੇਟੀ ਨੇ ਆਪਣੇ ਕੀਤੇ ਫੈਸਲੇ ਨੂੰ ਲਾਗੂ ਕਰਨ ਤੋਂ ਕਿਨਾਰਾ ਕਰਦਿਆਂ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ” ਫੈਸਲੇ ਲੈਣ ਦੇ ਖੁਦ ਸਮਰਥ ਹੈ” ਨੇ ਸਿੱਖ ਜਗਤ ਵਿੱਚ ਇੱਕ ਨਾਮੋਸ਼ੀ ਜਿਹੀ ਪੈਦਾ ਕਰ ਦਿੱਤੀ ,ਜਿਸ ਕਰਕੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਕਰਨ ਲਈ ,ਆਪਣੀ ਰਿਪੋਰਟ ਨੂੰ ਲਾਗੂ ਕਰਨ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਇੱਕ ਮੋਰਚਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਲਗਾਇਆ ਗਿਆ।ਇਸ ਮੋਰਚੇ ਦਾ ਸਮਰਥਨ ਕਰਨ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋ ਸੁਖਵਿੰਦਰ ਸਿੰਘ ਦਦੇਹਰ ਆਪਣੇ ਸਾਥੀਆਂ ਨਾਲ ਪਹੁੰਚੇ ।ਉਨ੍ਹਾਂ ਨੇ ਇਸ ਮੋਰਚੇ ਨੂੰ ਸਬੋਧਨ ਹੁੰਦਿਆਂ ਕਿਹਾ ਕਿ ਜਿਸ ਸੰਸਥਾਂ ਨੂੰ ਕੌਮ ਨੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਸਭ ਅਧਿਕਾਰ ਦਿੱਤੇ ਸਨ ,ਉਸ ਕਮੇਟੀ ਨੇ ਸਿੱਖਾਂ ਦੀ ਰਾਖੀ ਕੀ ਕਰਨੀ ਹੈ ,ਉਹ ਤਾਂ ਸਾਡੇ ਸਭਨਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਵੀ ਨਹੀ ਕਰ ਸਕੀ ।ਕਿੰਨੀ ਨਿਲਾਇਕੀ ਦੀ ਗੱਲ ਹੈ ਕਿ ਜਿਸ ਕਮੇਟੀ ਵਿੱਚ ਹਰ ਕੰਮ ਇੱਕ ਸਿਸਟਮ ਨਾਲ ਕਰਨ ਦਾ ਦਾਅਵਾ ਕੀਤਾ ਜਾਂਦਾ ਹੋਵੇ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਵਾਰੀ ਸਾਰੇ ਨਿਯਮ ਭੰਗ ਕਰ ਦਿੱਤੇ ।ਇਸ ਸਮੇਂ ਗੁਰਜੰਟ ਸਿੰਘ ਰੂਪੋਵਾਲੀ , ਨਛੱਤਰ ਸਿੰਘ ਭਾਂਬੜੀ ਨੇ ਵੀ ਮੋਰਚੇ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਇਨਸਾਫ ਲਈ ਕੌਮ ਨੇ ਅੱਗੇ ਵੀ ਮੋਰਚੇ ਲਾਏ ਸਨ ,ਪਰ ਜਿਸ ਤਰ੍ਹਾਂ ਦੀ ਨਾਮੋਸ਼ੀ ਉਨ੍ਹਾਂ ਮੋਰਚਿਆਂ ਵਿੱਚ ਸਿੱਖ ਜਗਤ ਨੂੰ ਝੱਲਣੀ ਪਈ ਉਹ ਇਸ ਮੋਰਚੇ ਵਿੱਚ ਨਾਂਹ ਝੱਲਣੀ ਪਵੇ ਇਸ ਕਰਕੇ ਆਗੂਆਂ ਦਾ ਈਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ ।ਜੇ ਇਸ ਮੋਰਚੇ ਵਿੱਚ ਵੀ ਪਹਿਲੇ ਮੋਰਚਿਆਂ ਵਾਲੀ ਨਾਮੋਸ਼ੀ ਸਿੱਖ ਜਗਤ ਨੂੰ ਝੱਲਣੀ ਪਈ ਤਾਂ ਕੌਮ ਬਾਅਦ ਵਿੱਚ ਕਦੇ ਵੀ ਸਾਡੇ ਤੇ ਇਤਬਾਰ ਨਹੀ ਕਰੇਗੀ ।ਸੋ ਆਉ ਅਸੀਂ ਸਾਰੇ ਰਲ ਕੇ ਈਮਾਨਦਾਰੀ ਨਾਲ ਆਪਣੇ ਨਿੱਜੀ ਮੁਫਾਦਾਂ ਨੂੰ ਪਿਛਾਂਹ ਰੱਖ ਕੇ ਗੁਰੂ ਸਾਹਿਬ ਦੇ ਸਤਿਕਾਰ ਤੇ ਮਾਣ-ਮਰਿਯਾਦਾ ਨੂੰ ਬਹਾਲ ਕਰਵਾਉਂਣ ਲਈ ਇਸ ਮੋਰਚੇ ਦਾ ਸਮਰਥਨ ਕਰੀਏ।ਇਸ ਸਮੇਂ ਗੁਰਸ਼ਰਨ ਸਿੰਘ ਚੀਮਾ, ਸ਼ਮਸ਼ੇਰ ਸਿੰਘ ਬ੍ਰਹਮਪੁਰਾ ,ਭਾਈ ਜਗਜੀਤ ਸਿੰਘ ਚੀਮਾ, ਗਿ. ਜਗਜੀਤ ਸਿੰਘ ਅਹਿਮਦਪੁਰ, ਭਾਈ ਗੁਰਪ੍ਰੀਤ ਸਿੰਘ ਜੋਤੀਸ਼ਾਹ, ਗਿਆਨੀ ਨਿਰਮਲ ਸਿੰਘ ਸੁਰਸਿੰਘ, ਪ੍ਰਚਾਰਕ ਦਵਿੰਦਰ ਸਿੰਘ ਕੈਂਰੋ, ਭਾਈ ਦਵਿੰਦਰ ਸਿੰਘ ਸਭਰਾ, ਵੀਰ ਗੁਰਜੰਟ ਸਿੰਘ ਬ੍ਰਹਮਪੁਰਾ ,ਵੀਰ ਗੁਰਜੀਤ ਸਿੰਘ ਮਾਣੋਚਾਹਲ, ਵੀਰ ਸਮਰੀਤ ਸਿੰਘ, ਭਾਈ ਸਾਗਰ ਸਿੰਘ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here