ਸਿੱਖਾਂ ਦਾ ਉਜਾੜਾ ਕਿੰਜ ਰੁਕੇਗਾ

0
169
ਪਰਮਪਾਲ ਸਿੰਘ ਸਭਰਾ

ਸਿੱਖਾਂ ਦਾ ਉਜਾੜਾ ਕਿੰਜ ਰੁਕੇਗਾ
ਖਾਲਸਾ ਰਾਜ ਖੁਸਣ ਮਗਰੋਂ ਐਸੇ ਉਜੜੇ ਕਿ ਮੁੜ ਨਾ ਵੱਸੇ ਇਸ ਮੁਲਕ ਨੂੰ ਅੱਸੀ ਪਰਸੈਂਟ ਕੁਰਬਾਨੀਆਂ ਨਾਲ ਅਜਾਦ ਕਰਵਾਇਆ ਇਸ ਆਸ ਨਾਲ ਕਿ ਸ਼ਾਇਦ ਤਕਦੀਰ ਵਿਚੋਂ ਉਜਾੜਾ ਮੁੱਕ ਜਾਊ ਪਰ ਅਜਾਦੀ ਦੇ ਪਹਿਲੇ ਸਾਲ ਹੀ ਓਜਾੜੇ ਦੇ ਰਾਹ ਪੈ ਗਏ ,ਅਜਾਦ ਮੁਲਕ ਵਿਚ ਵੀ ਓਜਾੜੇ ਦਾ ਸਿਲਸਿਲਾ ਮੁੱਕ ਨਾ ਸਕਿਆ ,1984 ਮਗਰੋਂ ਤਾਂ ਇਹ ਉਜਾੜਾ ਸੰਸਾਰ ਪੱਧਰ ਦਾ ਹੋ ਨਿਬੜਿਆ ਭਾਵੇਂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾ ਮੁਤਾਬਿਕ ਭਲੇ ਲੋਕਾਂ ਨੂੰ ਉੱਜੜ ਜਾਣਾ ਚਾਹੀਦਾ ਹੈ ਤੇ ਬੁਰਿਆਂ ਨੂੰ ਵਸਦੇ ਰਹਿਣਾ ਚਾਹੀਦਾ , ਸਿੱਖਾਂ ਨੂੰ ਵਿਦੇਸ਼ਾਂ ਵਿਚਲਾ ਉਜਾੜਾ ਤਾਂ ਰਾਸ ਆਗਿਆ ਪਰ ਸਦੀਆਂ ਤੋਂ ਜਿਸ ਮੁਲਕ ਦੀ ਮਿੱਟੀ ਨੂੰ ਅਸੀਂ ਆਪਣੇ ਲਹੂ ਨਾਲ ਸਿੰਝਿਆ ਉਸ ਮੁਲਕ ਵਿਚੋਂ ਲਗਾਤਾਰ ਉਜਾੜਾ ਬੇਹੱਦ ਸ਼ਰਮਨਾਕ ਹੈ , ਵਾਰ ਵਾਰ ਮਨ ਵਿਚ ਇਕ ਸਵਾਲ ਉੱਠਦਾ ਹੈ ਕਿ ਅਸੀਂ ਤਾਂ ਸਾਰਿਆਂ ਦੇ ਹੋ ਜਾਂਦੇ ਹਾਂ ਪਰ ਸਾਡਾ ਕੋਈ ਵੀ ਕਿਓਂ ਨਹੀਂ ਹੁੰਦਾ ? ਕਦੀ ਮੱਧ ਪ੍ਰਦੇਸ਼ ਵਿੱਚੋ ,ਕਦੀ ਉਤਰ ਪ੍ਰਦੇਸ਼ ਵਿਚੋਂ ,ਕਦੀ ਰਾਜਿਸਥਾਨ ਵਿਚੋਂ ,ਕਦੀ ਗੁਜਰਾਤ ਵਿਚੋਂ , ਸਿੱਕਿਮ ਵਿਚੋਂ ਸਿੱਖਾਂ ਦੇ ਉਜੜਣ ਦੀਆਂ ਦੁਖਦਾਈ ਖ਼ਬਰਾਂ ਮਿਲਦੀਆਂ ਹਨ ਹਰ ਵਾਰ ਕੁਝ ਦਿਨ ਦੀ ਬਿਆਨਬਾਜ਼ੀ ਤੋਂ ਮਗਰੋਂ ਵਰਤਾਰਾ ਆਮ ਹੋ ਜਾਂਦਾ
ਹਿੰਦ ਹਕੂਮਤ ਸਿੱਖਾਂ ਨੂੰ ਵੇਖਣਾ ਨਹੀਂ ਮੰਗਦੀ ਇਹ ਗੱਲ ਤਾਂ 70 ਸਾਲ ਪਹਿਲਾਂ ਸਮਝ ਆ ਗਈ ਸੀ , 36 ਸਾਲ ਤੋਂ ਤਾਂ ਇਹ ਗੱਲ ਨਿਆਣੇ ਵੀ ਸਮਝ ਗਏ ਹਨ, ਪਰ ਸਿੱਖ ਆਗੂ ਅਜੇ ਵੀ ਨਹੀਂ ਸਮਝਿਆ , ਫ਼ਰਜ਼ੀ ਸਿੱਖ ਆਗੂਆਂ ਦੀਆਂ ਨਿਜੀ ਗਰਜਾਂ ਨੇ ਫਰਜਾਂ ਤੋਂ ਮੁਖ ਮੋੜ ਲਿਆ ਹੈ ਸੋ ਸਿੱਖ ਕੌਮ ਦੀ ਤਕਦੀਰ ਵਿਚੋਂ ਇਹ ਉਜਾੜਾ ਕੌਣ ਰੋਕੂ ਆਓ ਇਸ ਸਵਾਲ ਦਾ ਜੁਆਬ ਲੱਭੀਏ
ਸਿੱਖ ਕੌਮ ਦੀ ਇਕ ਸੰਪੂਰਨ ਕੌਮ ਵਜੋਂ ਘਾੜਤ ਘੜਣ ਸਮੇ ਸਾਡੇ ਗੁਰੂ ਸਾਹਿਬਾਨ ਨੇ ਧਾਰਮਿਕ ਅਤੇ ਰਾਜਨੀਤਕ ਦੋਵਾਂ ਪੱਖਾਂ ਤੋਂ ਪੂਰਨ ਰੂਪ ਵਿਚ ਘਾੜਤ ਘੜੀ ਸੀ | ਰਾਜਨੀਤਕ ਘਾੜਤ ਦਾ ਇਕ ਮਕਸਦ ਇਹ ਵੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਜੀਵਨ ਜੁਗਤ ਦੇ ਨਾਲ ਨਾਲ ਨਰੋਏ ਸਮਾਜ ਦੀ ਸਿਰਜਣਾ ਲ਼ਈ ਵੀ ਮਾਰਗ ਦਰਸ਼ਕ ਹੈ ਤੇ ਸਮਾਜ ਦੇ ਤਾਣੇ ਬਾਣੇ ਵਿਚ ਰਾਜ ਤੇ ਰਾਜਨੀਤੀ ਮੁਖ ਭੂਮਿਕਾ ਨਿਭਾਉਂਦੇ ਹਨ ਸੋ ਗੁਰੂ ਸਾਹਿਬਾਨ ਨੇ ਸਿੱਖ ਲਈ ਮੀਰੀ ਪੀਰੀ ਦਾ ਸੰਕਲਪ ਬਖਸ਼ਿਆ ,ਦਿੱਲੀ ਤਖ਼ਤ ਦੀ ਬੇਈਮਾਨ ਨਿਆਂ ਪ੍ਰਣਾਲੀ ਦੇ ਸਾਹਵੇਂ ਹਰ ਤਰਾਂ ਦੀ ਵੰਡ ਤੇ ਭੈਅ ਮੁਕਤ ਮਨੁੱਖਤਾਵਾਦੀ ਨਿਆਂ ਪ੍ਰਣਾਲੀ ਲਈ ਅਕਾਲ ਤਖ਼ਤ ਹੋਂਦ ਵਿਚ ਲਿਆਂਦਾ ,ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਖਾਲਸਾ ਰਾਜ ਸਿਰਜਿਆ ਗਿਆ ਜੋ ਸੰਸਾਰ ਭਰ ਦੇ ਆਦਰਸ਼ ਰਾਜਾਂ ਦੇ ਸਿਖਰਲੇ ਸਥਾਨਾਂ ਵਿਚ ਹੋਂਦ ਦਰਜ ਕਰਦਾ ਹੈ | ਪੰਜਾਬ ਸਭ ਤੋਂ ਅਖੀਰ ਵਿਚ ਗੁਲਾਮ ਹੋਇਆ ਤੇ ਭਾਰਤ ਦੀ ਅਜਾਦੀ ਦੀ ਜੰਗ ਸਭ ਤੋਂ ਪਹਿਲਾਂ ਆਰੰਭ ਕਰਦਾ ਹੈ ਤੇ 1920 ਵਿਚ ਹੀ ਗੁਰਦੁਆਰੇ ਅਜਾਦ ਕਰਵਾ ਕੇ ਜੰਗ ਜਿੱਤ ਲੈਂਦਾ ਹੈ ,ਇਸ ਜਿੱਤ ਦਾ ਕਾਰਨ ਸਿੱਖ ਕੌਮ ਦੀ ਰਾਜਨੀਤਕ ਸੂਝ ਅਤੇ ਕੌਮੀਅਤ ਦਾ ਜਜਬਾ ਹੈ ਇਸੇ ਕੌਮੀ ਜਜਬੇ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਉਂਦੀ ਹੈ | ਕਮੇਟੀ ਬਣਨ ਦੇ ਨਾਕਾਰਾਤਮਕ ਤੇ ਸਾਕਾਰਾਤਮਕ ਦੋਵੇਂ ਪੱਖ ਬਹੁਤ ਮਜਬੂਤ ਹਨ : ਸਾਕਾਰਾਤਮਕ ਪੱਖ ਇਹ ਕਿ ਸਿੱਖਾਂ ਨੂੰ ਇਤਿਹਾਸਕ ਗੁਰੂ ਘਰਾਂ ਦਾ ਪ੍ਰਬੰਧ ਆਪ ਕਾਰਨ ਦਾ ਸੁਭਾਗ ਮਿਲਿਆ ,ਮਰਿਆਦਾ ਬਹਾਲ ਹੋ ਗਈ , ਸਿੱਖੀ ਪ੍ਰਚਾਰ ਪ੍ਰਸਾਰ ਵਿਚ ਵਾਧਾ ਹੋਇਆ | ਨਾਕਾਰਾਤਮਕ ਪੱਖ ਵਿਚ ਵੇਖੀਏ ਤਾਂ ਗੁਰੂ ਘਰ ਦੀ ਗੁਣਤੰਤਰੀ ਪ੍ਰੰਪਰਾ ਗਣਤੰਤਰੀ ਪ੍ਰੰਪਰਾ ਹੋ ਨਿਬੜੀ, ਸਿੱਖ ਕੌਮ ਵਿਚ ਪੁਜਾਰੀ ਵਾਦ ਦਾ ਮੁੱਢ ਬੱਝ ਗਿਆ ਸੇਵਾਦਾਰ ਤਨਖਾਹਦਾਰ ਹੋ ਗਏ , ਸਿੱਖਾਂ ਦੀ ਆਖੀ ਜਾਂਦੀ ਪਾਰਲੀਮੈਂਟ ਅੰਮ੍ਰਿਤਸਰ ਤੋਂ ਰਾਜਪੁਰੇ ਤਕ ਦੇ ਦਾਇਰੇ ਵਿਚ ਸੀਮਤ ਹੋ ਗਈ , ਸਿੱਖ ਆਗੂਆਂ ਦੀ ਸਾਰੀ ਤਾਕਤ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਅਤੇ ਪ੍ਰਧਾਨਗੀ ਸੈਕਟਰੀ ਪੁਣੇ ਤਕ ਸੀਮਤ ਹੋਕੇ ਰਹਿ ਗਈ ,ਕੌਮ ਦੇ ਨਿਸ਼ਾਨੇ ,ਕੌਮੀ ਹੱਕਾਂ ਦੀ ਪ੍ਰਾਪਤੀ ,ਅਤੇ ਕੌਮੀ ਭਵਿੱਖ ਦੀ ਘਾੜਤ ਹੋਲੀ ਹੋਲੀ ਦਰਕਿਨਾਰ ਕਰ ਦਿਤੇ ਗਏ
1920 ਵਿਚ ਸਾਡੇ ਸਿੱਖ ਆਗੂਆਂ ਦੀ ਦੂਰ ਅੰਦੇਸ਼ੀ ਅਤੇ ਮੀਰੀ ਪੀਰੀ ਸੰਕਲਪ ਦੀ ਰਾਖੀ ਲਈ ਅਕਾਲੀ ਦਲ ਦੇ ਰੂਪ ਵਿਚ ਇਕ ਵੱਖਰਾ ਰਾਜਨੀਤਕ ਦਲ ਵੀ ਹੋਂਦ ਵਿਚ ਲਿਆਂਦਾ ਗਿਆ ਜੋ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਜਨੀਤਕ ਸ਼ਾਖਾ ਸੀ ਜਿਸ ਦਾ ਮਕਸਦ ਖਾਲਸਾ ਪੰਥ ਦੇ ਰਾਜਨੀਤਕ ਭਵਿੱਖ ਦੀ ਘਾੜਤ ਘੜਨਾ ਸੀ ,ਅਕਾਲੀ ਦਲ ਦੀ ਹੋਂਦ ਪੰਥਕ ਨਿਸ਼ਾਨਿਆਂ ਦੀ ਪ੍ਰਾਪਤੀ ਦਾ ਸੰਘਰਸ਼ ਅਤੇ ਸੰਸਾਰ ਭਰ ਦੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨਾ ਸੀ ਪਰ 1947 ਵਿਚ ਅਣਜਾਣੇ ਵਿਚ ਤੇ 1984 ਵਿਚ ਜਾਣਬੁਝ ਕੇ ਅਕਾਲੀਦਲ ਆਪਣੇ ਨਿਸ਼ਾਨੇ ਤੋਂ ਖੁੰਝ ਗਿਆ 1984 ਮਗਰੋਂ ਦੋਵੇਂ ਪੰਥਕ ਸੰਸਥਾਵਾਂ ਦੁਸ਼ਮਣ ਦੇ ਨਿਸ਼ਾਨੇ ਤੇ ਸੀ ਅੰਤ 1999 ਤਾਂ ਸੰਪੂਰਨ ਰੂਪ ਵਿਚ ਪੰਥਕ ਅਕਾਲੀਦਲ ਖ਼ਤਮ ਕਰ ਦਿੱਤਾ ਗਿਆ (ਪੰਥ ਤਮਾਸ਼ਾ ਵੇਖਦਾ ਰਿਹਾ )
ਤਕਰੀਬਨ 20 ਸਾਲਾਂ ਤੋਂ ਸਿੱਖ ਕੌਮ ਰਾਜਨੀਤਕ ਲੂੰਬੜ ਚਾਲਾਂ ਦਾ ਸ਼ਿਕਾਰ ਹੋ ਰਹੀ ਹੈ ,ਕੁਝ ਸਿੱਖ ਆਗੂ ਕਾਲੀ ਦਲ ਵਿਚੋਂ ਭਲੇ ਸਮੇ ਦੀ ਉਡੀਕ ਵਿਚ ਮੁੱਕ ਗਏ ਕੁਝ ਘਰ ਬੈਠ ਗਏ ਕੁਝ ਗਰਜਾਂ ਖਾਤਰ ਹੋਰ ਪਾਰਟੀਆਂ ਦਾ ਸ਼ਿੰਗਾਰ ਹੋ ਗਏ,ਕੁਝ ਆਪ ਵਿਚੋਂ ਤੇ ਕੁਝ ਕਾਲੀਆਂ ਦੀਆਂ ਟੁੱਟੀਆਂ ਟਾਹਣੀਆਂ ਵਿਚੋਂ ਕੌਮੀ ਰਾਜਨੀਤੀ ਦਾ ਭਵਿੱਖ ਲੱਭਦੇ ਹੰਭ ਗਏ ਪਰ ਗਫ਼ਲਤ ਦੀ ਨੀਂਦ ਸੁੱਤੀ ਕੌਮ ਸਿਰਫ ਰਾਜਨੀਤਕ ਤਮਾਸ਼ਾ ਵੇਖਦੀ ਰਹੀ ਤੇ ਰਾਜਨੀਤਕ ਭਵਿੱਖ ਦੀ ਰਾਖੀ ਲਈ ਮੀਰੀ ਪੀਰੀ ਦਾ ਹਾਮੀ ਪੰਥਕ ਧੜਾ ਸਿਰਜਣ ਵਿਚ ਬੁਰੀ ਤਰਹ ਫੇਲ ਸਾਬਤ ਹੋਈ | ਸਾਜਿਸ਼ੀ ਤੰਤਰ ਦੀ ਚਾਟੇ ਲਈ ਕੋਮਾ ਵਿਚ ਪਈ ਕੌਮ ਪੰਜਾਬ ਦੀਆਂ ਮੰਗਾਂ ਤਾਂ ਦੂਰ ਦੀ ਗੱਲ ਕਿਸਾਨੀ ,ਜਵਾਨੀ ,ਪਾਣੀ ਤੇ ਆਰਥਿਕਤਾ ਦੇ ਖਾਤਮੇ ਤੇ ਵੀ ਚੁਪਚਾਪ ਰੈਲੀਆਂ ਦੇ ਨਾਹਰੇ ,ਜੈਕਾਰੇ ਤੇ ਲਾਰੇ ਸੁਣਦੀ ਰਹੀ ,ਬੁਧੀਜੀਵੀ ਅਖਬਾਰੀ ਟਿੱਪਣੀਆਂ ਅਤੇ ਲੇਖ ਲਿਖਦੇ ਰਹੇ |
” ਮੈਨੂੰ ਕਿਸੇ ਨਾਦਰ ਤੇ ਰੋਸ ਨਹੀਂ ਨਾ ਕੋਈ ਰੰਜ ਅਬਦਾਲੀਆਂ ਤੋਂ
ਝੋਰਾ ਹੈ ਕੇ ਫੂਲਾ ਸਿੰਘ ਅੱਜ ਕੋਈ ਲੱਭਦਾ ਨਹੀਂ ਅਕਾਲੀਆਂ ਚੋਂ ”
ਅਕਾਲੀ ਫੂਲਾ ਸਿੰਘ ਦੀ ਗਾਥਾ ਸੁਣਦੇ ਸੁਣਦੇ ਉਸ ਦੇ ਵਾਰਿਸ ਕਦੋਂ ਬਣਾਂਗੇ ?
ਹੁਣ ਦੱਸੋ ਸਿੱਖਾਂ ਦਾ ਉਜਾੜਾ ਕੌਣ ਰੋਕੂ ,ਪੰਥ ਦੇ ਹੱਕ ਦੀ ਅਵਾਜ ਕੌਣ ਬੁਲੰਦ ਕਰੇਗਾ ,ਸੰਸਾਰ ਭਰ ਵਿਚ ਖਿਲਰੀ ਕੌਮ ਦੀ ਸਾਂਝੀ ਰਾਜਨੀਤਕ ਅਗਵਾਈ ਕੌਣ ਕਰੇਗਾ ? ਬੁੱਧੀਜੀਵੀਆਂ ਲੇਖ ਤੇ ਕਿਤਾਬਾਂ ਲਿਖ ਲਿਖ ਫੇਰ ਉਸ ਤੇ ਲੜ ਲੜ ਮਰ ਜਾਣਾ ,ਪ੍ਰਚਾਰਕਾਂ ਕੁਕੜ ਖੇਹ ਵਿਚ ਮੁੱਕ ਜਾਣਾ , ਸੰਸਥਾਵਾਂ ਨੇ ਸਰਕਾਰੀ ਸਾਜਿਸ਼ਾਂ ਦੀ ਗੁਲਾਮੀ ਵਿਚ ਗਰਕ ਜਾਣਾ , ਨੌਜਵਾਨਾਂ ਨੇ ਪੰਥਕ ਸਿਆਸੀ ਸੂਝ ਦੀ ਘਾਟ ਕਰਨ ਅਖੌਤੀ ਸਿੱਖ ਲੀਡਰਾਂ ਦੇ ਨਾਹਰਿਆਂ ਜੈਕਾਰਿਆਂ ਲਾਰਿਆਂ ਦਾ ਸ਼ਿਕਾਰ ਹੋ ਖਚਿਤ ਹੋ ਜਾਣਾ
ਸੱਚੋ ਸੱਚ ਆਪਣੇ ਦਿਲ ਨੂੰ ਪੁੱਛੋਂ ਸਾਡਾ ਬਣੂਗਾ ਕੀ ? ਇਸ ਵਰਤਾਰੇ ਦਾ ਦੋਸ਼ੀ ਕੌਣ ?
ਜੇ ਕੋਈ ਤੁਹਾਡਾ ਸਕਾ ਨਹੀਂ ਰਿਹਾ ਤਾਂ ਅਸੀਂ ਖੁਦ ਕੌਮ ਦੇ ਸਕੇ ਹੋ ਜਾਈਏ , ਜੇ ਕੌਮੀ ਭਾਵਨਾ ਗੁਰੂ ਦਾ ਪਿਆਰ ਜਿਓੰਦਾ ਹੈ ਤਾਂ ਅਕਾਲ ਤਖ਼ਤ ਸਾਹਿਬ ਵੱਲ ਮੁਖ ਕਰਕੇ , ਅਕਾਲੀ ਫੂਲਾ ਸਿੰਘ ਨੂੰ ਯਾਦ ਕਰਕੇ ਇਕ ਹੋ ਜਾਵੋ ,ਆਪ ਆਪਣੇ ਕੌਮੀ ਜਜ਼ਬਿਆਂ ਵਿਚੋਂ ਰਾਜਨੀਤਕ ਭਵਿੱਖ ਲੱਭੋ , ਆਪਣੇ ਫੈਸਲੇ ਆਪ ਕਰੋ ,ਸੰਸਾਰ ਤੁਹਾਡੇ ਵੱਲ ਆਸ ਦੀ ਨਿਗ੍ਹਾ ਨਾਲ ਵੇਖ ਰਿਹਾ ਹੈ , ਇਕ ਹੋ ਕੇ ਇਸ ਮੌਕੇ ਦਾ ਲਾਹਾ ਲਵੋ
ਨਵੀਂ ਪੀੜ੍ਹੀ ਨੂੰ ਮੁੱਢ ਤੋਂ ਰਾਜਨੀਤਕ ਸੂਝ ਦੀ ਧਨੀ ਬਣਾਓ ,ਵਿਦਵਾਨਾ ਦੇ ਝਗੜੇ ਛੁਡਵਾ ਕੇ ਨੌਜਵਾਨੀ ਦੇ ਕਾਰੇ ਲਾਓ
ਬਜ਼ੁਰਗੋ ਮਰਨ ਤੋਂ ਪਹਿਲਾਂ ਆਪਣੇ ਤਜੁਰਬੇ ਵਿਚੋਂ ਕੌਮੀ ਭਵਿੱਖ ਦੀ ਘਟੋਂ ਘੱਟ ਇਕ ਪੂਣੀ ਜਰੂਰ ਕੱਤ ਦਿਓ
ਗੁਰੂ ਭਲੀ ਕਰੇਗਾ ,ਉਜਾੜਾ ਰੁਕੇ ਗਾ
ਪਰਮਪਾਲ ਸਿੰਘ ਸਭਰਾ

LEAVE A REPLY

Please enter your comment!
Please enter your name here