ਕਰੋਨਾ: ਪੰਜਾਬ ’ਚ ਮੁੜ ਲੱਗਣਗੀਆਂ ਪਾਬੰਦੀਆਂ

0
1463

ਚੰਡੀਗੜ੍ਹ, 11 ਜੂਨ

ਕੋਵਿਡ-19 ਦੇ ਸਮਾਜਿਕ ਫੈਲਾਅ ਦੇ ਖਤਰੇ ਦੇ ਡਰੋਂ ਪੰਜਾਬ ਵਿੱਚ ਸ਼ਨਿਚਰਵਾਰ ਤੋਂ ਮੁੜ ਪਾਬੰਦੀਆਂ ਲੱਗਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਜਿਕ ਫੈਲਾਅ ਦਾ ਖਤਰਾ ਭਾਂਪਦਿਆਂ ਲੌਕਡਾਊਨ ਦੀ ਵਾਪਸੀ ਦਾ ਰਾਹ ਖੋਲ੍ਹ ਦਿੱਤਾ ਹੈ। ਮਾਹਿਰਾਂ ਤੋਂ ਸੰਕੇਤ ਮਿਲੇ ਹਨ ਕਿ ਅਗਸਤ ਦੇ ਅਖੀਰ ’ਚ ਮਹਾਮਾਰੀ ਦਾ ਸਿਖਰ ਹੋ ਸਕਦਾ ਹੈ। ਮੁੱਖ ਮੰਤਰੀ ਨੇ ਹਫਤੇ ਦੇ ਆਖਰੀ ਦਿਨਾਂ ਅਤੇ ਜਨਤਕ ਛੁੱਟੀ ਵਾਲੇ ਦਿਨਾਂ ਵਿੱਚ ਸਖਤੀ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦਿਨਾਂ ’ਚ ਕੇਵਲ ਈ-ਪਾਸ ਧਾਰਕਾਂ ਨੂੰ ਹੀ ਆਉਣ-ਜਾਣ ਦੀ ਆਗਿਆ ਹੋਵੇਗੀ। ਮੁੱਖ ਮੰਤਰੀ ਨੇ ਸਮਾਜਿਕ ਫੈਲਾਅ ਨੂੰ ਠੱਲ੍ਹਣ ਅਤੇ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਵੀਡੀਓ ਕਾਨਫਰੰਸ ਜ਼ਰੀਏ ਨਿਰਦੇਸ਼ ਜਾਰੀ ਕੀਤੇ ਹਨ। ਇੰਝ ਜਾਪਦਾ ਹੈ ਕਿ ਪੰਜਾਬ ਵਿੱਚ ਲੌਕਡਾਊਨ ਸਖਤ ਬੰਦਸ਼ਾਂ ਸਮੇਤ ਲਾਗੂ ਹੋ ਸਕਦਾ ਹੈ। ਮੁੱਖ ਮੰਤਰੀ ਨੇ ਹਦਾਇਤ ਕੀਤੀ ਹੈ ਕਿ ਮੈਡੀਕਲ ਸਟਾਫ ਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਨਾਗਰਿਕਾਂ ਨੂੰ ਹਫਤੇ ਦੇ ਆਖਰੀ ਦਿਨਾਂ ਅਤੇ ਛੁੱਟੀ ਵਾਲੇ ਦਿਨ ਆਉਣ-ਜਾਣ ਲਈ ‘ਕੋਵਾ’ ਐਪ ਤੋਂ ਈ-ਪਾਸ ਡਾਊਨਲੋਡ ਕਰਨਾ ਹੋਵੇਗਾ। ਉਦਯੋਗਾਂ ਨੂੰ ਇਸ ਮਾਮਲੇ ਵਿੱਚ ਛੋਟ ਦਿੱਤੀ ਗਈ ਹੈ। ਸਰਕਾਰ ਨੇ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਮਹਾਮਾਰੀ ਪੰਜਾਬ ਵਿੱਚ ਆਉਂਦੇ ਦਿਨਾਂ ਵਿੱਚ ਖਤਰਨਾਕ ਰੂਪ ਧਾਰ ਸਕਦੀ ਹੈ। ਉਨ੍ਹਾਂ ਸਿਹਤ ਮਾਹਿਰਾਂ ਨੂੰ ਕਿਹਾ ਹੈ ਕਿ ਕੌਮੀ ਰਾਜਧਾਨੀ ਦਿੱਲੀ ਤੋਂ ਆਉਣ ਵਾਲਿਆਂ ਲਈ ਲਾਜ਼ਮੀ ਟੈਸਟ ਸਰਟੀਫਿਕੇਟ ਅਮਲ ਵਿੱਚ ਲਿਆਂਦਾ ਜਾਵੇ।

LEAVE A REPLY

Please enter your comment!
Please enter your name here