15 ਮਿੰਟ ਦੇ ਤੂਫਾਨ ਨੇ ਨਾਭਾ ਵਿੱਚ ਮਚਾਈ ਤਬਾਹੀ; ਚਾਰ ਜ਼ਖ਼ਮੀ

0
1057

ਨਾਭਾ, 10 ਜੂਨ

ਅੱਜ ਨਾਭਾ ਇਲਾਕੇ ਵਿਚ ਤੇਜ਼ ਹਵਾਵਾਂ ਨਾਲ ਹੋਈ ਭਾਰੀ ਬਰਸਾਤ ਨਾਲ ਕਈ ਇਮਾਰਤਾਂ, ਰੁੱਖਾਂ, ਗੱਡੀਆਂ, ਬਿਜਲੀ ਦੇ ਟਰਾਂਸਫਾਰਮਰਾਂ ਦਾ ਕਾਫੀ ਨੁਕਸਾਨ ਹੋਇਆ। 15 ਮਿੰਟ ਚੱਲੀ ਤੇਜ਼ ਹਨੇਰੀ ਦੇ ਨਾਲ ਨਾਭਾ ਵਿੱਚ 20 ਐੱਮਐੱਮ ਬਰਸਾਤ ਹੋਈ। ਇਥੋਂ ਦੀ ਗੁਰਦਿਆਲ ਕੰਬਾਈਨ ਫੈਕਟਰੀ ਦਾ 2 ਬਿੱਘਾ ਸ਼ੈਡ ਡਿੱਗਣ ਕਾਰਨ 4 ਮੁਲਾਜ਼ਮ ਫੱਟੜ ਹੋ ਗਏ। ਫੈਕਟਰੀ ਦੇ ਮਾਲਕ ਅਮਰੀਕ ਸਿੰਘ ਨੇ ਦੱਸਿਆ ਕਿ ਸ਼ੈੱਡ ਹੇਠ 12 ਕੰਬਾਈਨਾਂ ਸਨ ਜਿਨ੍ਹਾਂ ਕਰਕੇ ਉਥੇ ਕੰਮ ਕਰਦੇ 25 ਮੁਲਾਜ਼ਮਾਂ ਦੀ ਜਾਨ ਬਚ ਗਈ। 4 ਫੱਟੜ ਕਾਮਿਆਂ ਵਿੱਚੋ ਇਕ ਦਾ ਇਲਾਜ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਹੋ ਰਿਹਾ ਹੈ।ਹੋਰ ਵੀ ਕਈ ਫੈਕਟਰੀਆਂ ਦੇ ਸ਼ੈੱਡ ਡਿੱਗੇ। ਸ਼ਹਿਰ ਦੇ ਨਿੱਜੀ ਸਕੂਲ ਦੀ ਇਮਾਰਤ ਨੂੰ ਵੀ ਨੁਕਸਾਨ ਹੋਇਆ। ਸ਼ਿਵ ਪੂਰੀ ਮੁਹੱਲੇ ਵਿਚ ਵਿਧਵਾ ਦੇ ਘਰ ਉੱਪਰ ਰੁੱਖ ਡਿੱਗਣ ਕਾਰਨ ਘਰ ਦੇ ਲੈਂਟਰ ਨੂੰ ਨੁਕਸਾਨ ਪਹੁੰਚਿਆ। ਨਾਭਾ-ਭਵਾਨੀਗੜ੍ਹ ਰੋਡ, ਗਰਿੱਡ ਰੋਡ, ਰਾਧਾ ਸੁਆਮੀ ਸਤਸੰਗ ਘਰ ਰੋਡ, ਪਟਿਆਲਾ ਰੋਡ, ਥੂਹੀ ਰੋਡ, ਧੂਰੀ ਰੋਡ ‘ਤੇ ਵੱਡੇ ਵੱਡੇ ਰੁੱਖ ਡਿੱਗਣ ਕਾਰਨ ਟ੍ਰੈਫਿਕ ਜਾਮ ਹੋ ਗਿਆ। ਰੁੱਖ ਡਿੱਗਣ ਕਾਰਨ ਗਰਿੱਡ ਚੌਕ ਕੋਲ ਹੋਂਡਾ ਅਮੇਜ਼, ਬੌੜਾਂ ਪਿੰਡ ਕੋਲ ਬੋਲੇਰੋ ਦਾ ਕਾਫੀ ਨੁਕਸਾਨ ਹੋਇਆ। ਸਾਰਾ ਦਿਨ ਸ਼ਹਿਰ ਅਤੇ ਪਿੰਡਾਂ ਵਿਚ ਬਿਜਲੀ ਬੰਦ ਰਹੀ।

LEAVE A REPLY

Please enter your comment!
Please enter your name here