ਚੌਥਾ ਘੱਲੂਘਾਰਾ…(ਪਰਮਪਾਲ ਸਿੰਘ ਸਭਰਾ)

0
1759
ਪਰਮਪਾਲ ਸਿੰਘ ਸਭਰਾ

ਚੌਥਾ ਘੱਲੂਘਾਰਾ
ਘੱਲੂਘਾਰਾ ਸ਼ਬਦ ਦਾ ਅੱਖਰੀ ਅਰਥ ਹੁੰਦਾ ਸਰਵਨਾਸ਼ ਭਾਵ ਪੂਰਨ ਸਫਾਇਆ ,ਅੰਗਰੇਜ਼ੀ ਦੇ ਸ਼ਬਦ ਹੋਲੋਕੋਸਟ ਦਾ ਸਮਾਨ ਅਰਥੀ ਸ਼ਬਦ ਹੈ ਘੱਲੂਘਾਰਾ , ਯਹੂਦੀ ਇਤਿਹਾਸ ਵਿਚ ੬੦ ਲੱਖ ਯਹੂਦੀਆਂ ਦੀ ਕਤਲੇਆਮ ਨੂੰ ਹੋਲੋਕੋਸਟ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਭਾਵ ਜਦ ਵੀ ਕੋਈ ਜਾਲਮ ਹੁਕਮਰਾਨ ਕਿਸੇ ਕੌਮ ਦਾ ਪੂਰਨ ਸਰਵਨਾਸ਼ ਕਰਨ ਲਈ ਸਾਰੀ ਤਾਕਤ ਝੋਕ ਦੇਵੇ ਤਾਂ ਉਸ ਨੂੰ ਘੱਲੂਘਾਰਾ ਆਖਦੇ ਨੇ , ਸਿੱਖ ਕੌਮ ਗੁਰੂ ਨਾਨਕ ਪਾਤਸਾਹ ਦੇ ਮਾਰਗ ਤੇ ਚਲਦੀ ਹੋਈ ਹੱਕ ਸੱਚ ਦੀ ਪਹਿਰੇਦਾਰ ਬਣ ਕੇ ਜਦ ਮਨੁੱਖੀ ਅਧਿਕਾਰਾਂ ਦੀ ਅਵਾਜ ਬਣਦੀ ਹੈ ਤਾਂ ਹਰ ਸਦੀ ਵਿਚ ਜਾਲਮ ਹੁਕਮਰਾਨ ਸਾਡੀ ਕੌਮ ਨੂੰ ਘੱਲੂਘਾਰੇ ਵਿਚ ਝੋਕ ਦਿੰਦਾ ਹੈ | ਨਿਰਭਉ ਨਿਰਵੈਰ ਦੀ ਧਾਰਨੀ ਖਾਲਸਾਈ ਵਿਚਾਰਧਾਰਾ ਬਿਨਾਂ ਕਿਸੇ ਜਾਤੀ ,ਦੇਸ਼ ,ਧਰਮ, ਊਚ ਨੀਚ ਆਦਿਕ ਦੇ ਭਿਨ ਭੇਦ ਤੋਂ ਮਜਲੂਮ ਦੀ ਢਾਲ ਬਣਦੀ ਹੈ ਇਸ ਲਈ ਹਰ ਜਾਲਮ ਹੁਕਮਰਾਨ ਸਿੱਖ ਕੌਮ ਦੇ ਸਰਵਨਾਸ਼ ਦੀ ਅਸਫਲ ਕੋਸ਼ਿਸ਼ ਸਦੀਆਂ ਤੋਂ ਕਰਦਾ ਆ ਰਿਹਾ ਹੈ , ਪਹਿਲਾ ਘੱਲੂਘਾਰਾ ਜਿਸ ਨੂੰ ਅਸੀਂ ਛੋਟਾ ਘੱਲੂਘਾਰਾ ਵੀ ਆਖਦੇ ਹਾਂ ੧੭੪੬ ਦਾ ਹੈ ਜਿਸ ਵਿਚ ਲੱਖਪਤ ਰਾਏ ਦੀ ਚੰਡਾਲ ਚੌਕੜੀ ਦੱਸ ਹਜਾਰ ਦੇ ਕਰੀਬ ਸਿੱਖਾਂ ਨੂੰ ਸ਼ਹੀਦ ਕਰ ਕੇ ਸਿੱਖ ਕੌਮ ਦੇ ਸਰਵਨਾਸ਼ ਦੇ ਖਿਆਲੀ ਪੁਲਾਵ ਖਾਂਦੇ ਹਨ| ਕੁਰਸੀ ਦੀ ਤਾਕਤ ਦਾ ਨਸ਼ਾ ਹਮੇਸ਼ਾਂ ਹੀ ਸਰ੍ਵਕਲਾ ਸਮਰੱਥ ਹੋਣ ਦਾ ਭੁਲੇਖਾ ਪਾਉਂਦਾ ਹੈ ,ਇਹ ਭੁਲੇਖਾ ੧੭੬੨ ਵਿਚ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਪਿਆ ਤੇ ਉਸ ਦੀ ਚੰਡਾਲ ਚੌਕੜੀ ਵੀ ਸਿੱਖ ਕੌਮ ਦੇ ਇਕੋ ਦਿਨ ਵਿਚ ੩੫ ਹਜਾਰ ਸਿੰਘ ਸ਼ਹੀਦ ਕਰ ਕੇ ਸਿੱਖੀ ਦੇ ਸਰਵਨਾਸ਼ ਦਾ ਖਿਆਲੀ ਪੁਲਾਵ ਖਾਂਦੇ ਹਨ ,ਜਿਹੜੇ ਪੈਦਾ ਹੀ ਖੰਡੇ ਦੀ ਧਾਰ ਵਿਚੋਂ ਹੋਏ ਹੋਵਣ ਓਹਨਾ ਦਾ ਕਿਸੇ ਹਥਿਆਰ ਦੀ ਧਾਰ ਨੇ ਕੀ ਵਿਗਾੜਨਾ ? ਯੁਗ ਬਦਲ ਗਿਆ ਅੰਗਰੇਜ ਹੁਕਮਰਾਨ ਪਹਿਲਿਆਂ ਤੋਂ ਬਹੁਤ ਸਿਆਣਾ ਸੀ ਅਤੇ ਉਹ ਸਿੱਖ ਇਤਿਹਾਸ ਤੋਂ ਜਾਣੂ ਸੀ ਇਸ ਲਈ ਉਸ ਨੇ ਸਿੱਖ ਕੌਮ ਨਾਲ ਜੰਗ ਦੇ ਤਰੀਕੇ ਬਦਲ ਲਏ ਇਸ ਲਈ ਘੱਲੂਘਾਰੇ ਦੀ ਨੌਬਤ ਨਹੀਂ ਬਣੀ ਪਰ ਫਿਰ ਵੀ ਸਿੱਖਾਂ ਦੀਆਂ ਕੁਰਬਾਨੀਆਂ ਨੇ ਅੰਗਰੇਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿਤੀਆਂ ਤੇ ਦੇਸ਼ ਅਜਾਦ ਹੋ ਗਿਆ ਨਵਾਂ ਹੁਕਮਰਾਨ ਦਿਲੀ ਦੇ ਤਖ਼ਤ ਤੇ ਕਾਬਜ ਹੁੰਦਿਆਂ ਹੀ ਸਿੱਖ ਕੌਮ ਦੇ ਸਰਵਨਾਸ਼ ਦੀ ਸਕੀਮ ਤਾਂ ੧੯੪੭ ਤੋਂ ਹੀ ਆਰੰਭ ਕਰਦਾ ਹੈ ਪਰ ਲਖਪਤ ਰਾਏ ਤੇ ਅਬਦਾਲੀ ਦੀ ਰੂਹ ੧੯੮੪ ਵਿਚ ਨਵੇਂ ਹੁਕਮਰਾਨ ਵਿਚ ਆ ਵੱਸ ਜਾਂਦੀ ਹੈ ਨਤੀਜੇ ਵਜੋਂ ਤੀਜੇ ਘੱਲੂਘਾਰੇ ਦੀ ਜ਼ੁਲਮੀ ਭੱਠੀ ਵਿਚ ਇਕ ਵਾਰ ਫਿਰ ਸਾਰੀ ਕੌਮ ਝੋਕ ਦਿਤੀ ਜਾਂਦੀ ਹੈ ,ਓਹੀ ਲਾਸ਼ਾਂ ਦੇ ਢੇਰ ,ਸਿਰਾਂ ਦੇ ਮੁੱਲ, ਸਿੱਖਾਂ ਦੇ ਲਹੂ ਦਾ ਦਰਿਆ, ਪਰ ਜੇ ਅਸੀਂ ਤਿੰਨਾਂ ਘੱਲੂਘਾਰਿਆਂ ਦਾ ਸੰਖੇਪ ਮੁਲਾਂਕਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਪਹਿਲੇ ਤੇ ਦੂਜੇ ਘੱਲੂਘਾਰੇ ਸਮੇਂ ਦੁਸ਼ਮਣ ਧਿਰ ਨਾਲ ਮੁਕਾਬਲਾ ਆਹਮੋ ਸਾਹਮਣਾ ਸੀ ,ਨੁਕਸਾਨ ਤਾਂ ਬਹੁਤ ਹੋਇਆ ਪਰ ਸਾਡੇ ਕੌਮੀ ਆਗੂਆਂ ਦਾ ਖਾਲਸਾਈ ਜਜਬਾ, ਗੁਰੂ ਤੇ ਭਰੋਸਾ ਏਨਾ ਬਲਵਾਨ ਸੀ ਕਿ ਸਰਵਨਾਸ਼ ਦੀ ਕਗਾਰ ਤੇ ਖੜੀ ਕੌਮ ਨੂੰ ਵੀ ਥੋੜੇ ਸਮੇਂ ਵਿਚ ਹੀ ਪੈਰਾਂ ਤੇ ਖੜਾ ਕੀਤਾ ,ਇਥੇ ਹੀ ਬੱਸ ਨਹੀਂ ਜਿਸ ਲਾਹੌਰ ਤੇ ਦਿੱਲੀ ਦੇ ਤਖਤਾਂ ਤੋਂ ਸਾਡੇ ਸਰਵਨਾਸ਼ ਦੇ ਫੁਰਮਾਨ ਜਾਰੀ ਹੁੰਦੇ ਸੀ ਓਥੇ ਖਾਲਸਈ ਨਿਸ਼ਾਨ ਝੁਲਾ ਕੇ ਖਾਲਸਾ ਰਾਜ ਕਾਇਮ ਕੀਤਾ ,ਦੋਵਾਂ ਘੱਲੂਘਾਰਿਆਂ ਦੇ ਮੁਖ ਦੋਸ਼ੀ ਖਾਲਸੇ ਦੇ ਡੰਡੇ ਅਗੇ ਨਰਕਾਂ ਦੇ ਰਾਹ ਪਏ | ਭਾਵੇਂ ਜੂਨ ੧੯੮੪ ਦੇ ਤੀਜੇ ਘੱਲੂਘਾਰੇ ਦੇ ਮੁਖ ਦੋਸ਼ੀ ਦਾ ਹਸ਼ਰ ਵੀ ਪਹਿਲਾਂ ਵਾਲੇ ਜਾਲਮਾਂ ਵਾਲਾ ਹੀ ਹੋਇਆ ਪਰ ਇਸ ਵਾਰ ਜਾਲਮ ਨੇ ਜਿਥੇ ਜ਼ੁਲਮ ਦੀ ਅੱਤ ਖਾਤਰ ਹਥਿਆਰਾਂ ਦਾ ਸਿਖਰ ਕੀਤਾ ਓਥੇ ਵਿਚਾਰਾਂ (ਬੋਧਿਕ ) ਦੀ ਜੰਗ ਦਾ ਵੀ ਸਿਖਰ ਕੀਤਾ ,ਪਹਿਲੇ ਘੱਲੂਘਾਰਿਆਂ ਨਾਲੋਂ ਮੁਖ ਫਰਕ ਇਹ ਰਿਹਾ ਕੌਮੀ ਜਰਨੈਲ ਹੀ ਸ਼ਹੀਦ ਹੋ ਗਿਆ ,ਤੇ ਕੌਮ ਆਗੂ ਵਿਹੂਣੀ ਹੋ ਗਈ
ਸਾਰੇ ਪਾਸੇ ਆਪੋਧਾਪੀ ਮੱਚ ਗਈ ,ਦੁਸ਼ਮਣ ਨੇ ਬੋਧਿਕ ਜੰਗ ਦੇ ਸਾਰੇ ਸ਼ਸਤਰ ਝੋਕ ਕੇ ( ਸ਼ਾਮ ਦਾਮ ਦੰਡ ਭੇਦ)ਇਸ ਨੂੰ ਬੋਧਿਕ ਜੰਗ ਦਾ ਅਖਾੜਾ ਬਣਾ ਲਿਆ ਗਿਆ ,ਇਸ ਵੇਲੇ ਦੀਆਂ ਮਿਸਲਾਂ (ਜਥੇਬੰਦੀਆਂ) ਦੀ ਖਾਨਾਜੰਗੀ ਦੇ ਹਾਲਤ ਇਹ ਬਣਾ ਦਿਤੇ ਗਏ ਕਿ ਸਿੱਖ ਨੂੰ ਸਿੱਖ ਦਾ ਵੈਰੀ ਬਣਾ ਦਿੱਤਾ ਗਿਆ ,ਖਰੀਦੇ ਜਾਂ ਸਰਕਾਰੀ ਥੋਪੇ ਹੋਏ ਆਗੂਆਂ ਨੇ ਸਾਰੀ ਕੌਮ ਦੀ ਪੱਤ ਰੋਲ ਕੇ ਕੌਮ ਨੂੰ ਘਸਿਆਰੇ ਬਣਨ ਦੀ ਭੱਠੀ ਵਿਚ ਝੋਕ ਦਿੱਤਾ , ਪਹਿਲੇ ਘੱਲੂਘਾਰਿਆਂ ਵਿਚ ਅਸੀਂ ੩੦ -੩੦ ਹਜਾਰ ਜਾਨਾਂ ਦਾ ਨੁਕਸਾਨ ਕਰਵਾ ਕੇ ਵੀ ਨਹੀਂ ਹਾਰੇ ਸੀ ,ਕੁਜ ਕੁ ਮਹੀਨਿਆਂ ਵਿਚ ਹੀ ਰਾਜ ਕਾਇਮ ਕਰਦੇ ਰਹੇ ਪਰ ਤੀਜਾ ਘੱਲੂਘਾਰਾ ਅਸੀਂ ਆਪਣਾ ਕੌਮੀ ਆਗੂ ਗਵਾ ਕੇ ਵੀ ਹਾਰ ਗਏ ,ਜਿਸ ਦਾ ਮੁਖ ਕਾਰਨ ਹੈ ਬੋਧਿਕ ਜੰਗ (ਵਾਰ ਆਫ ਥਾਟਸ) ਸ਼ਬਦ ਰੂਪੀ ਗੁਰੂ ਨੂੰ ਆਪਣਾ ਇਸ਼ਟ ਮੰਨਣ ਵਾਲੀ ਕੌਮ ਬੋਧਿਕ ਜੰਗ ਵਿਚ ਹਾਰ ਖਾ ਗਈ ਇਹ ਸਵਾਲ ਅੱਜ ਵੀ ਧਿਆਨ ਮੰਗਦਾ ਹੈ,ਇਕ ਬਾਟੇ ਵਿਚੋਂ ਅੰਮ੍ਰਿਤ ਪੀਣ ਵਾਲੀ ਕੌਮ ਦੇ ਆਗੂ ਦੁਸ਼ਮਣ ਦੀ ਚਾਲ ਵਿਚ ਫਸ ਕੇ ਇਕਦੂਜੇ ਦੇ ਲਹੂ ਦੇ ਤਿਹਾਏ ਬਣ ਗਏ ਇਹ ਸਵਾਲ ਧਿਆਨ ਮੰਗਦਾ ਹੈ |
ਕਲਗੀਧਰ ਨੂੰ ਆਪਣਾ ਸਾਂਝਾ ਪਿਤਾ ਤੇ ਖਾਲਸੇ ਨੂੰ ਆਪਣਾ ਪਰਿਵਾਰ ਮਣਨ ਵਾਲੀ ਕੌਮ ਕਿਓਂ ਵੈਰੀ ਦੇ ਆਖੇ ਲੱਗ ਕੇ ਲੀਰਾਂ ਲੀਰ ਹੋ ਗਈ ਇਹ ਸਵਾਲ ਧਿਆਨ ਮੰਗਦਾ ਹੈ
ਅੰਤ ਵਿਚ ਗੱਲ ਕਰਦੇ ਹਾਂ ਚੋਥੇ ਘਲੂਘਾਰੇ ਦੀ ਹਰ ਕੌਮੀ ਸਿਆਣਾ ਆਖੂਗਾ ਕਿ ਚੋਥਾ ਘੱਲੂਘਾਰਾ ਤਾਂ ਹੋਇਆ ਹੀ ਨਹੀਂ ਮੇਰਾ ਜੁਆਬ ਹੈ ਕਿ ਚੌਥਾ ਘੱਲੂਘਾਰਾ ੧੯੯੬ ਤੋਂ ਸ਼ੁਰੂ ਹੋਇਆ ਸੀ ਜੋ ਅੱਜ ਤਕ ਨਿਰੰਤਰ ਦਿਨ ਰਾਤ ਚੱਲ ਰਿਹਾ ਹੈ , ਹੁਣ ਸਾਡੇ ਜਾਲਮ ਦੁਸ਼ਮਣ ਨੇ ਹਥਿਆਰਾਂ ਨੂੰ ਧੂਪ ਦੇ ਕੇ ਰੱਖ ਦਿੱਤਾ ਤੇ ਚੌਥਾ ਘੱਲੂਘਾਰਾ ਲੜਨ ਲਈ ਕਲਮ ਦੀ ਤੋਪ ਚੁੱਕ ਕੇ ਕੌਮ ਤੇ ਬੌਧਿਕ ਬੰਬ ਸੁਟਣੇ ਸ਼ੁਰੂ ਕੀਤੇ ,੧੯੮੪ ਮਗਰੋਂ ਬੌਧਿਕ ਜੰਗ ਵਿਚ ਪ੍ਰਾਪਤ ਕੀਤੀ ਜਿੱਤ ਕਾਰਨ ਦੁਸ਼ਮਣ ਦੇ ਹੌਸਲੇ ਬੁਲੰਦ ਸਨ , ਸਾਮ ਦਾਮ ਦੰਡ ਭੇਦ ਦਾ ਕਾਮਯਾਬ ਤਰੀਕਾ ਸਫਲਤਾ ਨਾਲ ਵੈਰੀ ਨੂੰ ਚੌਥੇ ਘੱਲੂਘਾਰੇ ਵਿਚ ਨਿਰੰਤਰ ਸਫਲਤਾਵਾਂ ਪ੍ਰਦਾਨ ਕਰ ਰਿਹਾ ਹੈ ,ਹਰ ਡੁਬਦਾ ਸੂਰਜ ਲੀਰੋ ਲੀਰ ਹੋਈ ਕੌਮ ਨੂੰ ਹੋਰ ਧਾਗਾ ਧਾਗਾ ਕਰ ਦਿੰਦਾ ਹੈ ,ਜਾਲਮ ਖੁਸ਼ ਹੈ ਕਿ ਜੋ ਅਬਦਾਲੀ ਤੋਂ ਨਾ ਹੋਇਆ ਉਹ ਕਲਾਮ ਦੇ ਵਾਰ ਨੇ ਕਰ ਵਿਖਾਇਆ ਉਸ ਵੇਲੇ ਵੀ ੧੨ ਮਿਸਲਾਂ ਸੀ ਪਰ ਸਿੱਖ ਸਿੱਖ ਦਾ ਵੈਰੀ ਨਹੀਂ ਸੀ ,ਇਕ ਸਿੱਖ ਦਾ ਦੁਸ਼ਮਣ ਸਾਰੀ ਕੌਮ ਦਾ ਦੁਸ਼ਮਣ ਸੀ ,ਤਾਂ ਹੀ ਤਾਂ ਚੜਤ ਸਿੰਘ ਦਾ ਪੋਤਾ ਧੌਣ ਉੱਚੀ ਕਰ ਕੇ ਅਬਦਾਲੀ ਦੇ ਪੋਤੇ ਨੂੰ ਨਿਆਣੀ ਉਮਰੇ ਵੀ ਵੰਗਾਰ ਲੈਂਦਾ ਸੀ ਅੱਜ ਵਾਲਿਆਂ ਦੀ ਧੋਣ ਪੱਬ ਜੀ (ਮੋਬਾਈਲ ਫੋਨ ਦੀ ਗੇਮ )ਕਰ ਕੇ ਪੱਕੀ ਝੁਕ ਗਈ ਹੈ
੧੨ ਲੱਖ ਮਿਸਲਾਂ ਵਿਚ ਵੰਡੀ ਕੌਮ ਨੂੰ ਜੋਦੜੀ ਹੈ ਕਿ ਚੌਥਾ ਘੱਲੂਘਾਰਾ ਇਕ ਬੋਧਿਕ ਜੰਗ ਦਾ ਅਖਾੜਾ ਹੈ ਜਿਸ ਵਿਚ ਦੋਵਾਂ ਪਾਸਿਆਂ ਤੋਂ ਸਿੱਖੀ ਬਾਣੇ ਵਾਲੇ ਲੜਾਈ ਦਾ ਹਿਸਾ ਹਨ, ਜਾਲਮ ਦੁਸ਼ਮਣ ਤਾਂ ਪਾਸੇ ਖੜਾ ਮੋਹਰਿਆਂ ਨੂੰ ਹਲਾਸ਼ੇਰੀ ਦੇ ਰਿਹਾ ਹੈ
ਕਦੀ ਸਕੂਲੀ ਸਲੇਬਸ ,ਕਦੀ ਫ਼ਿਲਮਾਂ ,ਕਦੀ ਸੀਰੀਅਲ ,ਕਦੀ ਫੇਸਬੁੱਕੀ ਕਲੇਸ਼ ,ਕਦੀ ਸਿੱਖ ਸਿਧਾਂਤਾਂ ਤੇ ਝਗੜੇ ,ਕਦੀ ਮਰਿਆਦਾ ਦੇ ਵਖਰੇਵੇਂ ,ਆਪਸੀ ਕਟੋ ਕਲੇਸ਼, ਇਹੋ ਹੀ ਹੈ ਚੌਥਾ ਘੱਲੂਘਾਰਾ
ਧਰਤੀ ਤੇ ਮਾਨਵਤਾ ਦੀ ਰਾਖੀ ਲਈ ਸਮੁੱਚੇ ਸੰਸਾਰ ਦੀ ਨਿਗ੍ਹਾ ਖਾਲਸਾਈ ਵਿਚਾਰ ਧਾਰਾ ਤੇ ਟਿਕੀ ਹੈ ਗੁਰੂ ਨਾਨਕ ਦੇ ਸਿਧਾਂਤ ਧਰਤੀ ਮਾਂ ਦੀ ਰਾਖੀ ਲਈ ਸਿਰਮੌਰ ਹਨ ,ਸੰਸਾਰ ਗੁਰੂ ਗਰੰਥ ਸਾਹਿਬ ਦੇ ਚਰਨੀ ਸੀਸ ਝੁਕਾਉਣ ਲਈ ਤਿਆਰ ਖੜਾ ਹੈ
ਆਓ ਚੌਥੇ ਘੱਲੂਘਾਰੇ ਤੇ ਫਤਹਿ ਪਾਉਣ ਲਈ ਅਕਾਲ ਤਖ਼ਤ ਦੇ ਸਨਮੁਖ ਇਕੱਤਰ ਹੋ ਕੇ ਜੱਸਾ ਸਿੰਘ ਆਹਲੂਵਾਲੀਏ ਦੇ ਵਾਰਿਸ ਬਣ ਕੇ ਗੁਰਬਾਣੀ ਆਸਰੇ ਨਵੇਂ ਅਬਦਾਲੀ ਨੂੰ ਮਾਤ ਦੇਈਏ
ਪਰਮਪਾਲ ਸਿੰਘ ਸਭਰਾ

LEAVE A REPLY

Please enter your comment!
Please enter your name here