ਲੋਕ ਸਭਾ ’ਚ ਦਿੱਲੀ ਹਿੰਸਾ ਮੁੱਦੇ ’ਤੇ ਦੂਜੇ ਦਿਨ ਵੀ ਹੰਗਾਮਾ, ਵਿਰੋਧੀ ਧਿਰਾਂ ਵੱਲੋਂ ਤੁਰੰਤ ਵਿਚਾਰ-ਚਰਚਾ ਦੀ ਮੰਗ; ਸਰਕਾਰ ਹੋਲੀ ਮਗਰੋਂ ਚਰਚਾ ਲਈ ਤਿਆਰ; ਹੇਠਲੇ ਸਦਨ ’ਚ ਬੈਂਕਿੰਗ ਰੈਗੂਲੇਸ਼ਨ (ਸੋਧ) ਬਿੱਲ ਪੇਸ਼

0
732

ਵਿਰੋਧੀ ਧਿਰ ਦੇ ਮੈਂਬਰ ਮੰਗਲਵਾਰ ਨੂੰ ਲੋਕ ਸਭਾ ਵਿੱਚ ਬਜਟ ਸੈਸ਼ਨ ਦੌਰਾਨ ਦਿੱਲੀ ਹਿੰਸਾ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 3 ਮਾਰਚ
ਲੋਕ ਸਭਾ ’ਚ ਅੱਜ ਲਗਾਤਾਰ ਦੂਜੇ ਦਿਨ ਦਿੱਲੀ ਹਿੰਸਾ ਦੇ ਮਾਮਲੇ ’ਤੇ ਹੰਗਾਮਾ ਹੋਇਆ। ਭਾਜਪਾ ਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਵਿਚਾਲੇ ਤਲਖ਼ੀ ਦਾ ਮਾਹੌਲ ਬਣਿਆ ਰਿਹਾ। ਵਿਰੋਧੀ ਧਿਰਾਂ ਨੇ ਦਿੱਲੀ ਹਿੰਸਾ ਦੇ ਮਾਮਲੇ ’ਤੇ ਤੁਰੰਤ ਵਿਚਾਰ-ਚਰਚਾ ਦੀ ਮੰਗ ਕੀਤੀ। ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਸ ਮੁੱਦੇ ’ਤੇ ਚਰਚਾ 11 ਮਾਰਚ ਨੂੰ ਹੋਲੀ ਤੋਂ ਬਾਅਦ ਕੀਤੀ ਜਾਵੇਗੀ ਪਰ ਵਿਰੋਧੀ ਧਿਰਾਂ ਤੁਰੰਤ ਚਰਚਾ ’ਤੇ ਅੜੀਆਂ ਰਹੀਆਂ। ਇਸ ਦੌਰਾਨ ਵਿਰੋਧੀ ਧਿਰਾਂ ਦੇ ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ ਤੇ ਨਾਅਰੇਬਾਜ਼ੀ ਕੀਤੀ। ਜਦ ਦੋਵਾਂ ਧਿਰਾਂ ਦੇ ਮੈਂਬਰ ਇਕ-ਦੂਜੇ ਦੇ ਬੈਂਚਾਂ ਵੱਲ ਚਲੇ ਗਏ ਤਾਂ ਸਪੀਕਰ ਨੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ। ਕਾਂਗਰਸੀ ਆਗੂ ਅਧੀਨ ਰੰਜਨ ਚੌਧਰੀ ਦੀ ਅਗਵਾਈ ’ਚ ਜਦ ਵਿਰੋਧੀ ਧਿਰ ਦੇ ਮੈਂਬਰ ਸੱਤਾਧਾਰੀਆਂ ਦੇ ਬੈਂਚਾਂ ਅੱਗੇ ਚਲੇ ਗਏ ਤਾਂ ਦੋਵਾਂ ਧਿਰਾਂ ਵਿਚਾਲੇ ਕਾਫ਼ੀ ਰੌਲਾ-ਰੱਪਾ ਪਿਆ। ਇਸੇ ਦੌਰਾਨ ਭਾਜਪਾ ਸੰਸਦ ਮੈਂਬਰ ਲੌਕੇਟ ਚੈਟਰਜੀ ਤੇ ਚੌਧਰੀ ਵਿਚਾਲੇ ਤਿੱਖਾ ਸ਼ਬਦੀ ਤਕਰਾਰ ਵੀ ਹੋਇਆ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਭਾਜਪਾ ਤੇ ਕਾਂਗਰਸ ਮੈਂਬਰ ਸੋਮਵਾਰ ਵਾਂਗ ਅੱਜ ਵੀ ਇਕ-ਦੂਜੇ ਨਾਲ ਖ਼ਹਿੰਦੇ ਨਜ਼ਰ ਆਏ ਤੇ ਕੁਝ ਮੈਂਬਰ ਸਕੱਤਰ ਜਨਰਲ ਦੇ ਡੈਸਕ ਵਾਲੇ ਦਰਵਾਜ਼ੇ ਵੱਲ ਚਲੇ ਗਏ। ਬਿਰਲਾ ਨੇ ਇਸ ਤੋਂ ਬਾਅਦ ਪੂਰੇ ਦਿਨ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਵੀ ਵਿਰੋਧੀ ਧਿਰ ਨਾਲ ਸ਼ਬਦੀ ਤਕਰਾਰ ਹੋਇਆ। ਦਿੱਲੀ ਹਿੰਸਾ ਬਾਰੇ ਪਏ ਰੌਲੇ-ਰੱਪੇ ਕਾਰਨ ਸਪੀਕਰ ਨੂੰ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ। ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਸਿਫ਼ਰ ਕਾਲ ਵਿਚ ਮੁੱਦੇ ’ਤੇ ਚਰਚਾ ਲਈ ਰਾਜ਼ੀ ਹੈ ਪਰ ਵਿਰੋਧੀ ਧਿਰਾਂ (ਕਾਂਗਰਸ, ਡੀਐੱਮਕੇ, ਟੀਐੱਮਸੀ ਤੇ ਹੋਰ) ਨੇ ਤੁਰੰਤ ਵਿਚਾਰ-ਚਰਚਾ ਦੀ ਮੰਗ ਕੀਤੀ। ਜੋਸ਼ੀ ਨੇ ਇਸ ਮੌਕੇ ਕਿਹਾ ਕਿ ‘ਸ਼ਾਂਤੀ ਬਹਾਲੀ’ ਇਸ ਵੇਲੇ ਸਰਕਾਰ ਦੀ ਤਰਜੀਹ ਹੈ ਤੇ ਉਹ ਚਰਚਾ ਲਈ ਤਿਆਰ ਹਨ। ਇਸ ਮੌਕੇ ਵਿਰੋਧੀਆਂ ਨੇ ਬੈਨਰ ਵੀ ਲਹਿਰਾਏ। ਸਰਬ-ਪਾਰਟੀ ਮੀਟਿੰਗ ਦਾ ਹਵਾਲਾ ਦਿੰਦਿਆਂ ਸਪੀਕਰ ਬਿਰਲਾ ਨੇ ਚਿਤਾਵਨੀ ਦਿੱਤੀ ਕਿ ਜਿਹੜੇ ਮੈਂਬਰ ਦੂਜੀ ਧਿਰ ਦੇ ਬੈਂਚਾਂ ਵੱਲ ਜਾਣਗੇ, ਉਨ੍ਹਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਜਾਵੇਗਾ। ਸਦਨ ਦੀ ਕਾਰਵਾਈ ਸ਼ੁਰੂ ਹੋਣ ਵੇਲੇ ਸਵੇਰੇ ਸੱਤਾਧਾਰੀ ਧਿਰ ਦੇ ਕਈ ਮੈਂਬਰ ‘ਵੰਦੇ ਮਾਤਰਮ’ ਕਹਿੰਦੇ ਹੋਏ ਨਜ਼ਰ ਆਏ। ਲੋਕ ਸਭਾ ’ਚ ਹੁੰਦੇ ਹੰਗਾਮੇ ਦੌਰਾਨ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬੈਂਕਿੰਗ ਰੈਗੂਲੇਸ਼ਨ (ਸੋਧ) ਬਿੱਲ, 2020 ਪੇਸ਼ ਕਰ ਦਿੱਤਾ।

-ਪੀਟੀਆਈ

LEAVE A REPLY

Please enter your comment!
Please enter your name here